ਟੂਰਨਾਮੈਂਟ ਦੀਆਂ ਤਿਆਰੀਆਂ ਦੌਰਾਨ ਵਾਪਰਿਆ ਹਾਦਸਾ; ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਲੋਹੇ ਦਾ ਪੋਲ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਕਾਰਨ ਲੱਗਾ ਜ਼ੋਰਦਾਰ ਝਟਕਾ

ਗੁਰਦਾਸਪੁਰ, 3 ਮਈ : ਗੁਰਦਾਸਪੁਰ ਪੁਲਸ ਥਾਣਾ ਅਧੀਨ ਆਉਂਦੇ ਪਿੰਡ ਭਿਖਾਰੀਹਾਰਨੀ ’ਚ ਇਕ ਦੁਖਦਾਈ ਘਟਨਾ ਵਾਪਰੀ, ਜਿੱਥੇ ਖੇਡ ਟੂਰਨਾਮੈਂਟ ਦੀਆਂ ਤਿਆਰੀਆਂ ਦੌਰਾਨ ਇਕ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਪਿੰਡ ਦੇ ਨੌਜਵਾਨ ਹਰ ਸਾਲ ਇਕੱਠੇ ਹੋ ਕੇ ਖੇਡ ਟੂਰਨਾਮੈਂਟ ਕਰਵਾਉਂਦੇ ਹਨ ਅਤੇ ਇਸ ਸਾਲ ਵੀ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਸਨ।

ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੈਦਾਨ ’ਚ ਨੈੱਟ ਲਗਾਉਣ ਲਈ ਲੋਹੇ ਦਾ ਪੋਲ ਗੱਡਿਆ ਜਾ ਰਿਹਾ ਸੀ। ਨੌਜਵਾਨ ਇੰਦਰਬੀਰ ਜਦੋਂ ਉਸ ਪੋਲ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਅਚਾਨਕ ਪੋਲ ਉੱਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ। ਇਸ ਕਾਰਨ ਉਸ ਨੂੰ ਜ਼ੋਰਦਾਰ ਕਰੰਟ ਲੱਗਾ ਅਤੇ ਉਹ ਜ਼ਮੀਨ ’ਤੇ ਡਿੱਗ ਪਿਆ। ਸਾਥੀਆਂ ਵੱਲੋਂ ਤੁਰੰਤ ਉਸ ਨੂੰ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਦੌਰਾਨ ਪਿੰਡ ਵਾਸੀਆਂ ਨੇ ਰਵਾਇਤੀ ਭਰਮ-ਭੁਲੇਖਿਆਂ ਕਾਰਨ ਉਸ ਨੂੰ ਮਿੱਟੀ ’ਚ ਦੱਬ ਕੇ ਬਚਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਸਭ ਵਿਅਰਥ ਰਿਹਾ। ਮ੍ਰਿਤਕ ਨੌਜਵਾਨ ਗੈਸ ਏਜੰਸੀ ਦੀ ਗੱਡੀ ਚਲਾਉਂਦਾ ਸੀ ਅਤੇ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਸੱਤ ਮਹੀਨਿਆਂ ਦਾ ਬੱਚਾ ਛੱਡ ਗਿਆ ਹੈ। ਇਸ ਘਟਨਾ ਕਾਰਨ ਪੂਰੇ ਇਲਾਕੇ ’ਚ ਮਾਤਮ ਛਾ ਗਿਆ ਹੈ।

Read More : ਸਰਹੱਦ ਪਾਰ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼; 4 ਗ੍ਰਿਫ਼ਤਾਰ

Leave a Reply

Your email address will not be published. Required fields are marked *