ਮੈਚ ਦੌਰਾਨ ਗੇਂਦ ਲੱਗਣ ਨਾਲ ਜ਼ਖ਼ਮੀ ਹੋਏ ਸਨ ਕ੍ਰਿਸ਼ਨ ਚੰਦ; ਧਰਮਸ਼ਾਲਾ ਮੈਚ ਲਈ ਮਿਲਿਆ ਵਿਸ਼ੇਸ਼ ਸੱਦਾ
ਚੰਡੀਗੜ੍ਹ, 3 ਮਈ : ਪੰਜਾਬ ਕਿੰਗਜ਼ ਦੀ ਸਹਿ-ਮਾਲਕ ਪ੍ਰੀਤੀ ਜ਼ਿੰਟਾ ਅਤੇ ਬੱਲੇਬਾਜ਼ ਪ੍ਰਿਯਾਂਸ਼ ਆਰੀਆ ਨੇ ਇਕ ਪ੍ਰਸ਼ੰਸਕ ਨਾਲ ਖ਼ਾਸ ਗੱਲਬਾਤ ਕੀਤੀ, ਜੋ ਲਖਨਊ ਸੁਪਰ ਜਾਇੰਟਸ ਵਿਰੁੱਧ ਮੈਚ ਦੌਰਾਨ ਜ਼ਖ਼ਮੀ ਹੋ ਗਿਆ ਸੀ। ਉਨ੍ਹਾਂ ਨੇ 62 ਸਾਲਾ ਕ੍ਰਿਸ਼ਨ ਚੰਦ ਨਾਲ ਵੀਡੀਓ ਕਾਲ ਰਾਹੀਂ ਸੰਪਰਕ ਕਰਕੇ ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ ਅਤੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।
ਇਹ ਘਟਨਾ 19 ਅਪ੍ਰੈਲ ਨੂੰ ਨਿਊ ਚੰਡੀਗੜ੍ਹ ਸਟੇਡੀਅਮ ’ਚ ਵਾਪਰੀ ਸੀ, ਜਦੋਂ ਪ੍ਰਿਯਾਂਸ਼ ਆਰੀਆ ਦੇ ਛੱਕੇ ਵਾਲੀ ਗੇਂਦ ਸਿੱਧੀ ਕ੍ਰਿਸ਼ਨ ਚੰਦ ਦੇ ਚਿਹਰੇ ’ਤੇ ਜਾ ਲੱਗੀ ਸੀ। ਸੱਟ ਕਾਰਨ ਉਨ੍ਹਾਂ ਦੇ ਟਾਂਕੇ ਲੱਗੇ ਸਨ। ਗੱਲਬਾਤ ਦੌਰਾਨ ਪ੍ਰੀਤੀ ਜ਼ਿੰਟਾ ਨੇ ਕ੍ਰਿਸ਼ਨ ਚੰਦ ਨੂੰ ਧਰਮਸ਼ਾਲਾ ’ਚ ਪੰਜਾਬ ਕਿੰਗਜ਼ ਦਾ ਲਾਈਵ ਮੈਚ ਦੇਖਣ ਲਈ ਵਿਸ਼ੇਸ਼ ਸੱਦਾ ਦਿੱਤਾ। ਹਾਸੇ-ਮਜ਼ਾਕ ’ਚ ਪ੍ਰੀਤੀ ਨੇ ਕਿਹਾ ਕਿ ਅਗਲੀ ਵਾਰ ਸਟੇਡੀਅਮ ’ਚ ਉਨ੍ਹਾਂ ਲਈ ਹੈਲਮੇਟ ਤਿਆਰ ਹੋਵੇਗਾ ਤਾਂ ਜੋ ਉਹ ਬਿਨਾਂ ਕਿਸੇ ਡਰ ਦੇ ਮੈਚ ਦਾ ਆਨੰਦ ਲੈ ਸਕਣ।
ਇਸ ਮੌਕੇ ਪੰਜਾਬ ਕਿੰਗਜ਼ ਦੇ ਜਨਰਲ ਮੈਨੇਜਰ ਆਸ਼ੀਸ਼ ਤੁਲੀ ਵੀ ਮੌਜੂਦ ਸਨ। ਫਰੈਂਚਾਈਜ਼ੀ ਦੇ ਇਸ ਕਦਮ ਦੀ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਸ਼ਲਾਘਾ ਕੀਤੀ ਜਾ ਰਹੀ ਹੈ, ਜੋ ਦਰਸਾਉਂਦਾ ਹੈ ਕਿ ਟੀਮ ਪ੍ਰਬੰਧਨ ਆਪਣੇ ਪ੍ਰਸ਼ੰਸਕਾਂ ਦੀ ਸੁਰੱਖਿਆ ਅਤੇ ਭਾਵਨਾਵਾਂ ਦੀ ਕਦਰ ਕਰਦਾ ਹੈ।
Read More : ਸਰਹੱਦ ਪਾਰ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼; 4 ਗ੍ਰਿਫ਼ਤਾਰ
