ਮੋਗਾ

ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਜ਼ਿੰਦਾ ਸੜ ਜਾਣ ਕਾਰਨ ਮੌਤ

ਟਿੱਪਰ ਤੇ ਮੋਟਰਸਾਈਕਲ ਦੀ ਟੱਕਰ ਤੋਂ ਬਾਅਦ ਲੱਗੀ ਅੱਗ, ਦੋਵੇਂ ਵਾਹਨ ਸੜ ਕੇ ਸਵਾਹ; ਮ੍ਰਿਤਕ ਜਲੰਧਰ ਨਾਲ ਸਬੰਧਤ

ਮੋਗਾ, 3 ਮਈ : ਮੋਗਾ-ਕੋਟਕਪੂਰਾ ਰੋਡ ’ਤੇ ਸ਼ਨੀਵਾਰ ਦੇਰ ਰਾਤ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਜ਼ਿੰਦਾ ਸੜ ਜਾਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਾਘਾ ਪੁਰਾਣਾ ਵੱਲੋਂ ਆ ਰਹੇ ਇਕ ਖਾਲੀ ਟਿੱਪਰ ਅਤੇ ਮੋਗਾ ਵਾਲੇ ਪਾਸਿਓਂ ਜਾ ਰਹੇ ਮੋਟਰਸਾਈਕਲ ਵਿਚਕਾਰ ਕੋਟਕਪੂਰਾ ਬਾਈਪਾਸ ਚੌਕ ਨੇੜੇ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਟਿੱਪਰ ਦੇ ਹੇਠਾਂ ਫਸ ਗਿਆ ਅਤੇ ਰਗੜ ਲੱਗਣ ਕਾਰਨ ਨਿਕਲੀ ਚੰਗਿਆੜੀ ਨੇ ਦੋਵਾਂ ਵਾਹਨਾਂ ਨੂੰ ਭਿਆਨਕ ਅੱਗ ਲਗਾ ਦਿੱਤੀ।

ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਵਾਹਨਾਂ ਤੋਂ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ ਅਤੇ ਉਹ ਵਿੱਚੇ ਹੀ ਜ਼ਿੰਦਾ ਸੜ ਗਿਆ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ, ਪਰ ਉਦੋਂ ਤੱਕ ਦੋਵੇਂ ਵਾਹਨ ਸੜ ਕੇ ਸਵਾਹ ਹੋ ਚੁੱਕੇ ਸਨ। ਸਾਬਕਾ ਮੇਅਰ ਬਲਜੀਤ ਸਿੰਘ ਚਾਨੀ ਤੁਰੰਤ ਐਂਬੂਲੈਂਸ ਲੈ ਕੇ ਘਟਨਾ ਸਥਾਨ ’ਤੇ ਪੁੱਜੇ ਅਤੇ ਬੁਰੀ ਤਰ੍ਹਾਂ ਸੜ ਚੁੱਕੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ।

ਥਾਣਾ ਸਿਟੀ ਸਾਊਥ ਦੇ ਮੁੱਖ ਅਫਸਰ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਟਿੱਪਰ ਚਾਲਕ ਦੀ ਪਛਾਣ ਕਰ ਲਈ ਗਈ ਹੈ, ਪਰ ਉਹ ਮੌਕੇ ਤੋਂ ਫਰਾਰ ਹੋਣ ’ਚ ਕਾਮਯਾਬ ਹੋ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਕੋਲੋਂ ਮਿਲੇ ਮੋਬਾਈਲ ਫ਼ੋਨ ਦੇ ਆਧਾਰ ’ਤੇ ਪਤਾ ਲੱਗਾ ਹੈ ਕਿ ਉਹ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਸੀ। ਪੁਲਸ ਵੱਲੋਂ ਵਾਰਸਾਂ ਦੀ ਪਛਾਣ ਕਰਨ ਲਈ ਜਾਂਚ ਜਾਰੀ ਹੈ।

Read More : ਟੂਰਨਾਮੈਂਟ ਦੀਆਂ ਤਿਆਰੀਆਂ ਦੌਰਾਨ ਵਾਪਰਿਆ ਹਾਦਸਾ; ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

Leave a Reply

Your email address will not be published. Required fields are marked *