ਪਾਕਿਸਤਾਨ

ਪਾਕਿਸਤਾਨ ਦੀ ਸੰਘੀ ਸਿਵਲ ਸੇਵਾ ’ਚ ਸ਼ਾਮਲ ਹੋਣਗੇ ਹਿੰਦੂ ਭਾਈਚਾਰੇ ਦੇ ਦੋ ਨੌਜਵਾਨ

ਜੀਵਨ ਰੇਬਾਰੀ ਨੇ ਜਨਰਲ ਕੋਟੇ ’ਚ ਪਛਾੜੇ ਵਿਰੋਧੀ; ਖੇਮ ਚੰਦ ਨੇ ਗਹਿਣੇ ਵੇਚ ਕੇ ਪੂਰੀ ਕੀਤੀ ਪੜ੍ਹਾਈ

ਇਸਲਾਮਾਬਾਦ, 3 ਮਈ : ਪਾਕਿਸਤਾਨ ਵਿੱਚ ਘੱਟ ਗਿਣਤੀ ਹਿੰਦੂ ਭਾਈਚਾਰੇ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਭਾਈਚਾਰੇ ਦੇ ਦੋ ਨੌਜਵਾਨ ਜੀਵਨ ਰੇਬਾਰੀ ਅਤੇ ਖੇਮ ਚੰਦ ਜੰਡੋਰਾ ਦੇਸ਼ ਦੀ ਵੱਕਾਰੀ ਸੰਘੀ ਸਿਵਲ ਸੇਵਾ (ਸੀ.ਐੱਸ.ਐੱਸ.) ਵਿੱਚ ਸ਼ਾਮਲ ਹੋਣ ਲਈ ਚੁਣੇ ਗਏ ਹਨ। ਫੈਡਰਲ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਐਲਾਨੇ ਨਤੀਜਿਆਂ ਅਨੁਸਾਰ ਇਹ ਦੋਵੇਂ ਨੌਜਵਾਨ ਉਨ੍ਹਾਂ 170 ਉਮੀਦਵਾਰਾਂ ’ਚ ਸ਼ਾਮਲ ਹਨ, ਜਿਨ੍ਹਾਂ ਨੇ ਸਖ਼ਤ ਮੁਕਾਬਲੇ ਤੋਂ ਬਾਅਦ ਸਫ਼ਲਤਾ ਹਾਸਲ ਕੀਤੀ ਹੈ।

ਜਾਣਕਾਰੀ ਅਨੁਸਾਰ ਦੋਵਾਂ ਨੌਜਵਾਨਾਂ ਨੇ ਬੇਹੱਦ ਗ਼ਰੀਬੀ ਅਤੇ ਮੁਸ਼ਕਲ ਹਾਲਾਤਾਂ ’ਚ ਇਹ ਮੁਕਾਮ ਹਾਸਲ ਕੀਤਾ ਹੈ। ਖੇਮ ਚੰਦ ਦੀ ਪੜ੍ਹਾਈ ਦਾ ਖ਼ਰਚ ਚੁੱਕਣ ਲਈ ਉਸ ਦੇ ਮਾਪਿਆਂ ਨੂੰ ਉੱਚ ਵਿਆਜ ’ਤੇ ਕਰਜ਼ੇ ਲੈਣੇ ਪਏ ਅਤੇ ਘਰ ਦੇ ਗਹਿਣੇ ਤੱਕ ਵੇਚਣੇ ਪਏ। ਦੂਜੇ ਪਾਸੇ, ਜੀਵਨ ਰੇਬਾਰੀ ਦੀ ਕਹਾਣੀ ਹੋਰ ਵੀ ਪ੍ਰੇਰਨਾਦਾਇਕ ਹੈ। ਸਾਧਨਾਂ ਦੀ ਘਾਟ ਕਾਰਨ ਜੀਵਨ ਨੇ ਇਕ ਗੁਰਦੁਆਰਾ ਸਾਹਿਬ ’ਚ ਸ਼ਰਨ ਲਈ ਅਤੇ ਲੰਗਰ ਛਕ ਕੇ ਆਪਣੀ ਪੜ੍ਹਾਈ ਜਾਰੀ ਰੱਖੀ।

ਜੀਵਨ ਰੇਬਾਰੀ ਦੀ ਸਫ਼ਲਤਾ ਇਸ ਲਈ ਖ਼ਾਸ ਹੈ ਕਿਉਂਕਿ ਉਸ ਨੇ ਘੱਟ ਗਿਣਤੀ ਕੋਟੇ ਦੀ ਬਜਾਏ ਜਨਰਲ ਕੋਟੇ (ਓਪਨ ਮੈਰਿਟ) ’ਚ ਆਪਣੀ ਕਾਬਲੀਅਤ ਦੇ ਦਮ ’ਤੇ ਸਫ਼ਲਤਾ ਪ੍ਰਾਪਤ ਕੀਤੀ ਹੈ। ਪਸ਼ੂ ਚਰਾਉਣ ਵਾਲੇ ਰੇਬਾਰੀ ਕਬੀਲੇ ਨਾਲ ਸਬੰਧਤ ਜੀਵਨ ਨੇ ਸਾਲ 2021 ’ਚ ਸਿੰਧ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਅਤੇ ਫਿਰ ਲਾਹੌਰ ਜਾ ਕੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕੀਤੀ। ਉਸ ਦੀ ਇਸ ਸਫ਼ਲਤਾ ਦੀ ਪਾਕਿਸਤਾਨੀ ਹਿੰਦੂ ਭਾਈਚਾਰੇ ’ਚ ਭਾਰੀ ਸ਼ਲਾਘਾ ਹੋ ਰਹੀ ਹੈ।

Read More : ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦੀ ਮਹਿਲਾ ਡਾਕਟਰ ਵੱਲੋਂ ਖ਼ੁਦਕੁਸ਼ੀ

Leave a Reply

Your email address will not be published. Required fields are marked *