ਮਹਿਲਾ ਡਾਕਟਰ

ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦੀ ਮਹਿਲਾ ਡਾਕਟਰ ਵੱਲੋਂ ਖ਼ੁਦਕੁਸ਼ੀ

ਸਰਕਾਰੀ ਰਿਹਾਇਸ਼ ’ਚ ਫਾਹਾ ਲਾ ਕੇ ਜੀਵਨ ਲੀਲਾ ਕੀਤੀ ਸਮਾਪਤ; ਡੇਢ ਮਹੀਨਾ ਪਹਿਲਾਂ ਹੀ ਹੋਈ ਸੀ ਨਿਯੁਕਤੀ

ਫ਼ਤਹਿਗੜ੍ਹ ਸਾਹਿਬ, 3 ਮਈ : ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਤਾਇਨਾਤ ਇਕ ਮਹਿਲਾ ਡਾਕਟਰ ਵੱਲੋਂ ਸ਼ੱਕੀ ਹਾਲਾਤਾਂ ਵਿੱਚ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਡਾਕਟਰ ਨੇ ਆਪਣੀ ਸਰਕਾਰੀ ਰਿਹਾਇਸ਼ ’ਚ ਕਥਿਤ ਤੌਰ ’ਤੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕਾ ਦੀ ਪਛਾਣ ਡਾਕਟਰ ਰੀਆ (31) ਵਜੋਂ ਹੋਈ ਹੈ, ਜੋ ਕਿ ਮੂਲ ਰੂਪ ਵਿੱਚ ਬਠਿੰਡਾ ਦੀ ਰਹਿਣ ਵਾਲੀ ਸੀ ਅਤੇ ਵਿਆਹੀ ਹੋਈ ਸੀ।

ਥਾਣਾ ਮੁਖੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਜਦੋਂ ਡਾਕਟਰ ਰੀਆ ਨੇ ਹਸਪਤਾਲ ਸਟਾਫ਼ ਦੇ ਵਾਰ-ਵਾਰ ਫ਼ੋਨ ਕਰਨ ’ਤੇ ਕੋਈ ਜਵਾਬ ਨਾ ਦਿੱਤਾ, ਤਾਂ ਇਕ ਕਰਮਚਾਰੀ ਉਸ ਦੇ ਕੁਆਰਟਰ ’ਚ ਪਤਾ ਕਰਨ ਗਿਆ। ਉੱਥੇ ਦਰਵਾਜ਼ਾ ਖੋਲ੍ਹਣ ’ਤੇ ਡਾਕਟਰ ਦੀ ਦੇਹ ਫਾਹੇ ਨਾਲ ਲਟਕਦੀ ਮਿਲੀ, ਜਿਸ ਤੋਂ ਬਾਅਦ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਦੇਹ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਸ ਅਨੁਸਾਰ ਘਟਨਾ ਸਥਾਨ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ, ਜਿਸ ਕਾਰਨ ਖ਼ੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਸਪੱਸ਼ਟ ਪਤਾ ਨਹੀਂ ਲੱਗ ਸਕਿਆ। ਹਾਲਾਂਕਿ, ਸਹਿ-ਕਰਮਚਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਡਾਕਟਰ ਰੀਆ ਕੁਝ ਸਮੇਂ ਤੋਂ ਮਾਨਸਿਕ ਤਣਾਅ ’ਚ ਸੀ।

ਜ਼ਿਕਰਯੋਗ ਹੈ ਕਿ ਡਾ. ਰੀਆ ਨੇ ਹਾਲ ਹੀ ਵਿੱਚ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਮੁਕੰਮਲ ਕੀਤੀ ਸੀ ਅਤੇ ਲਗਭਗ ਡੇਢ ਮਹੀਨਾ ਪਹਿਲਾਂ ਹੀ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਨਿਯੁਕਤੀ ਹੋਈ ਸੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ’ਚ ਰਖਵਾ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕੀਤੀ ਜਾਵੇਗੀ।

Read More : ਘਰੇਲੂ ਕਲੇਸ਼ ਕਾਰਨ ਪਤੀ ਨੇ ਪਤਨੀ ਦਾ ਕਤਲ ਕਰਨ ਮਗਰੋਂ ਖ਼ੁਦ ਨੂੰ ਵੀ ਮਾਰੀ ਗੋਲੀ

Leave a Reply

Your email address will not be published. Required fields are marked *