ਫੌਜੀ

ਛੁੱਟੀ ਆਏ ਫੌਜੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ

ਪਿਤਾ ਦੇ ਵਰੀਨੇ ਦੇ ਭੋਗ ’ਤੇ ਆਇਆ ਸੀ ਘਰ; ਪਰਿਵਾਰ ਦੀ ਗੈਰ-ਮੌਜੂਦਗੀ ’ਚ ਚੁੱਕਿਆ ਖ਼ੌਫ਼ਨਾਕ ਕਦਮ

ਬਟਾਲਾ, 14 ਅਪ੍ਰੈਲ : ਪੁਲਸ ਜ਼ਿਲਾ ਬਟਾਲਾ ਅਧੀਨ ਆਉਂਦੇ ਥਾਣਾ ਰੰਗੜ ਨੰਗਲ ਵਿਚ ਪੈਂਦੇ ਪਿੰਡ ਰੰਗੜ ਨੰਗਲ ਵਿਖੇ ਛੁੱਟੀ ਆਏ ਇਕ ਫ਼ੌਜੀ ਨੌਜਵਾਨ ਵੱਲੋਂ ਭੇਦਭਰੇ ਹਾਲਾਤਾਂ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਨਿਰਮਲਜੀਤ ਸਿੰਘ ਪੁੱਤਰ ਸਵਰਗਵਾਸੀ ਅਮਰਜੀਤ ਸਿੰਘ ਵਾਸੀ ਰੰਗੜ ਨੰਗਲ ਵਜੋਂ ਹੋਈ ਹੈ।

ਪਿੰਡ ਦੇ ਸਰਪੰਚ ਜਸਬੀਰ ਸਿੰਘ ਅਤੇ ਮ੍ਰਿਤਕ ਦੇ ਚਚੇਰੇ ਭਰਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਨਿਰਮਲਜੀਤ ਸਿੰਘ ਰਾਜਸਥਾਨ ਵਿਖੇ ਫ਼ੌਜ ’ਚ ਡਿਊਟੀ ਕਰਦਾ ਸੀ ਅਤੇ ਕੁਝ ਦਿਨ ਪਹਿਲਾਂ ਆਪਣੇ ਪਿਤਾ ਦੇ ਵਰੀਨੇ ਦੇ ਭੋਗ ਦੇ ਸਬੰਧ ’ਚ ਛੁੱਟੀ ਆਇਆ ਸੀ।

ਉਨ੍ਹਾਂ ਦੱਸਿਆ ਕਿ ਬੀਤੀ 11 ਅਪ੍ਰੈਲ ਨੂੰ ਮ੍ਰਿਤਕ ਦੀ ਮਾਤਾ, ਪਤਨੀ ਅਤੇ ਦੋਵੇਂ ਬੱਚੇ ਹਜ਼ੂਰ ਸਾਹਿਬ ਦੀ ਯਾਤਰਾ ’ਤੇ ਗਏ ਹੋਏ ਸਨ ਅਤੇ ਨਿਰਮਲਜੀਤ ਘਰ ’ਚ ਇਕੱਲਾ ਹੀ ਸੀ। ਅੱਜ ਦੁਪਹਿਰ ਵੇਲੇ ਜਦੋਂ ਉਸ ਦੇ ਇਕ ਦੋਸਤ ਨੇ ਘਰ ਜਾ ਕੇ ਦੇਖਿਆ ਤਾਂ ਨਿਰਮਲਜੀਤ ਸਿੰਘ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਸ੍ਰੀ ਹਰਗੋਬਿੰਦਪੁਰ ਸਾਹਿਬ ਹਰੀਸ਼ ਬਹਿਲ ਅਤੇ ਥਾਣਾ ਰੰਗੜ ਨੰਗਲ ਦੇ ਐੱਸ. ਐੱਚ. ਓ. ਗੁਰਇਕਬਾਲ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਫ਼ੌਜੀ ਨੌਜਵਾਨ ਵੱਲੋਂ ਅਚਾਨਕ ਚੁੱਕੇ ਇਸ ਕਦਮ ਕਾਰਨ ਪੂਰੇ ਪਿੰਡ ’ਚ ਸੋਗ ਦੀ ਲਹਿਰ ਫੈਲ ਗਈ ਹੈ।

Read More : ਬਲੈਨੋ ਗੱਡੀ ਦੀ ਲਪੇਟ ’ਚ ਆਉਣ ਨਾਲ ਨੌਜਵਾਨ ਲੜਕੀ ਦੀ ਮੌਤ

Leave a Reply

Your email address will not be published. Required fields are marked *