ਬੱਸ ਦੀ ਉਡੀਕ ਕਰ ਰਹੀ ਲੜਕੀ ਨੂੰ ਗੱਡੀ ਨੇ ਸ਼ੈੱਡ ਅੰਦਰ ਜਾ ਮਾਰੀ ਟੱਕਰ; ਪੁਲਸ ਨੇ ਡਰਾਈਵਰ ਤੇ ਗੱਡੀ ਨੂੰ ਲਿਆ ਹਿਰਾਸਤ ’ਚ
ਕਲਾਨੌਰ, 14 ਅਪ੍ਰੈਲ : ਕਲਾਨੌਰ ਦੇ ਨਜ਼ਦੀਕ ਗੁਰਦਾਸਪੁਰ ਮਾਰਗ ’ਤੇ ਸਥਿਤ ਬੱਸ ਸਟਾਪ ਸੰਗਤਪੁਰ ਵਿਖੇ ਇਕ ਬਲੈਨੋ ਗੱਡੀ ਦੀ ਲਪੇਟ ’ਚ ਆਉਣ ਨਾਲ ਨੌਜਵਾਨ ਲੜਕੀ ਦੀ ਮੌਤ ਹੋਣ ਦਾ ਅਤਿ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਕਲਾਨੌਰ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦੇ ਹੋਏ ਤਫ਼ਤੀਸ਼ ਅਫ਼ਸਰ ਏ.ਐੱਸ.ਆਈ. ਕਸ਼ਮੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਰੁਕਸਾਨਾ (25) ਪੁੱਤਰੀ ਲਾਡੀ ਮਸੀਹ ਵਾਸੀ ਸੰਗਤਪੁਰ ਦੇ ਪਿਤਾ ਦੇ ਬਿਆਨਾਂ ’ਤੇ ਗੱਡੀ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਰੁਕਸਾਨਾ ਬੱਸ ਸਟਾਪ ਸੰਗਤਪੁਰ ਵਿਖੇ ਸ਼ੈੱਡ ਅੰਦਰ ਬੈਠ ਕੇ ਬੱਸ ਦੀ ਉਡੀਕ ਕਰ ਰਹੀ ਸੀ।
ਇਸ ਦੌਰਾਨ ਗੁਰਦਾਸਪੁਰ ਵਾਲੀ ਸਾਈਡ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਬਲੇਨੋ ਗੱਡੀ ਕਿਸੇ ਮੋਟਰਸਾਈਕਲ ਨੂੰ ਬਚਾਉਣ ਦੀ ਕੋਸ਼ਿਸ਼ ’ਚ ਬੇਕਾਬੂ ਹੋ ਗਈ ਅਤੇ ਸਿੱਧੀ ਬੱਸ ਸ਼ੈੱਡ ਨਾਲ ਜਾ ਟਕਰਾਈ।
ਇਸ ਭਿਆਨਕ ਟੱਕਰ ਕਾਰਨ ਸ਼ੈੱਡ ਅੰਦਰ ਬੈਠੀ ਰੁਕਸਾਨਾ ਗੱਡੀ ਦੀ ਲਪੇਟ ’ਚ ਆ ਗਈ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕਾ ਦੀ ਦੇਹ ਨੂੰ ਪੋਸਟਮਾਰਟਮ ਲਈ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ। ਪੁਲਸ ਵੱਲੋਂ ਗੱਡੀ ਅਤੇ ਡਰਾਈਵਰ ਨੂੰ ਹਿਰਾਸਤ ’ਚ ਲੈ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
Read More : ਬਿਹਾਰ ਦੀ ਸਿਆਸਤ ’ਚ ਵੱਡਾ ਉਲਟਫੇਰ: ਸਮਰਾਟ ਚੌਧਰੀ ਬਣਨਗੇ ਨਵੇਂ ਮੁੱਖ ਮੰਤਰੀ
