ਪੱਠਿਆਂ ਨਾਲ ਲੱਦੀ ਟਰਾਲੀ ਦਾ ਸੰਤੁਲਨ ਵਿਗੜਨ ਕਾਰਨ ਵਾਪਰਿਆ ਕਹਿਰ, ਪੁਲਸ ਨੇ ਚਾਲਕ ਨੂੰ ਲਿਆ ਹਿਰਾਸਤ ’ਚ
ਹੁਸ਼ਿਆਰਪੁਰ, 19 ਫਰਵਰੀ : ਹੁਸ਼ਿਆਰਪੁਰ-ਦਸੂਹਾ ਮੇਨ ਰੋਡ ’ਤੇ ਪੈਂਦੇ ਵੁਡਲੈਂਡ ਓਵਰਸੀਜ਼ ਸਕੂਲ ਨਜ਼ਦੀਕ ਬੁੱਧਵਾਰ ਦੇਰ ਸ਼ਾਮ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਰਾਣਾ ਹਿਮਾਚਲੀ ਢਾਬੇ ’ਚ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਵੱਜਣ ਕਾਰਨ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਸੈਫ਼ੂ ਪੁੱਤਰ ਆਲਮਦੀਨ, ਜੋ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ, ਦਸੂਹਾ ਸਾਈਡ ਤੋਂ ਪੱਠਿਆਂ ਨਾਲ ਲੱਦੀ ਟਰੈਕਟਰ-ਟਰਾਲੀ ਲੈ ਕੇ ਆ ਰਿਹਾ ਸੀ। ਜਦੋਂ ਉਹ ਵੁਡਲੈਂਡ ਸਕੂਲ ਕੋਲ ਪਹੁੰਚਿਆ ਤਾਂ ਅਚਾਨਕ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸੜਕ ਕਿਨਾਰੇ ਸਥਿਤ ਢਾਬੇ ’ਚ ਜਾ ਵੜਿਆ। ਇਸ ਹਾਦਸੇ ਦੌਰਾਨ ਢਾਬਾ ਮਾਲਕ ਅਤੇ ਉੱਥੇ ਮੌਜੂਦ ਇਕ ਗਾਹਕ ਟਰੈਕਟਰ ਦੀ ਲਪੇਟ ’ਚ ਆ ਗਏ, ਜਿਸ ਕਾਰਨ ਉਨ੍ਹਾਂ ਦੀ ਜਾਨ ਚਲੀ ਗਈ।
ਮ੍ਰਿਤਕਾਂ ਦੀ ਪਛਾਣ ਕਮਲ ਕੁਮਾਰ (35) ਪੁੱਤਰ ਜੋਗਿੰਦਰ ਸਿੰਘ ਵਾਸੀ ਬਡਗਾਮ ਸ਼ਾਹ ਤਲਾਈ (ਜ਼ਿਲਾ ਬਿਲਾਸਪੁਰ, ਹਿਮਾਚਲ ਪ੍ਰਦੇਸ਼) ਅਤੇ ਰਣਜੀਤ ਸਿੰਘ (24) ਪੁੱਤਰ ਰਾਮ ਸਾਹਨੀ ਵਾਸੀ ਬਿਹਾਰ ਵਜੋਂ ਹੋਈ ਹੈ। ਮ੍ਰਿਤਕ ਕਮਲ ਕੁਮਾਰ ਪਿਛਲੇ ਦੋ ਸਾਲਾਂ ਤੋਂ ਇਹ ਢਾਬਾ ਚਲਾ ਰਿਹਾ ਸੀ, ਜਦਕਿ ਰਣਜੀਤ ਸਿੰਘ ਨੇੜੇ ਹੀ ਲੇਬਰ ਦਾ ਕੰਮ ਕਰਦਾ ਸੀ ਅਤੇ ਵਾਰਦਾਤ ਸਮੇਂ ਰੋਟੀ ਖਾਣ ਲਈ ਢਾਬੇ ’ਤੇ ਆਇਆ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਟਰੈਕਟਰ-ਟਰਾਲੀ ਅਤੇ ਚਾਲਕ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ। ਪੁਲਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Read More : ਬਰਨਾਲਾ ਵਾਸੀਆਂ ਲਈ ਖ਼ੁਸ਼ਖ਼ਬਰੀ : ਅੱਜ ਤੋਂ ਰੇਲਵੇ ਸਟੇਸ਼ਨ ’ਤੇ ਰੁਕੇਗੀ ਫਿਰੋਜ਼ਪੁਰ-ਦਿੱਲੀ ਵੰਦੇ ਭਾਰਤ ਐਕਸਪ੍ਰੈੱਸ
