ਸਰਹੱਦੀ ਇਲਾਕੇ

ਸਰਹੱਦੀ ਇਲਾਕੇ ’ਚ ਬਦਮਾਸ਼ਾਂ ਵੱਲੋਂ ਪੁਲਸ ਪਾਰਟੀ ’ਤੇ ਫਾਇਰਿੰਗ, ਇਕ ਮੁਲਾਜ਼ਮ ਜ਼ਖ਼ਮੀ

ਪੁਲਸ ਨੇ 2 ਮੁਲਜ਼ਮ ਕੀਤੇ ਨਾਮਜ਼ਦ; ਵਾਰਦਾਤ ’ਚ ਵਰਤੀ ਇਕ ਕਾਰ ਬਰਾਮਦ, ਫ਼ਰਾਰ ਸਾਥੀਆਂ ਦੀ ਭਾਲ ਜਾਰੀ

ਤਰਨਤਾਰਨ, 3 ਮਾਰਚ : ਸਰਹੱਦੀ ਇਲਾਕੇ ’ਚ ਗਸ਼ਤ ਕਰ ਕੇ ਵਾਪਸ ਪਰਤ ਰਹੀ ਪੁਲਸ ਪਾਰਟੀ ’ਤੇ ਬਦਮਾਸ਼ਾਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੋਲੀਬਾਰੀ ’ਚ ਇਕ ਮੁੱਖ ਸਿਪਾਹੀ ਮਾਮੂਲੀ ਜ਼ਖ਼ਮੀ ਹੋ ਗਿਆ। ਦੇਰ ਰਾਤ ਹਨੇਰੇ ਦਾ ਫ਼ਾਇਦਾ ਚੁੱਕਦੇ ਹੋਏ ਮੁਲਜ਼ਮ ਮੌਕੇ ਤੋਂ ਫ਼ਰਾਰ ਹੋਣ ’ਚ ਕਾਮਯਾਬ ਹੋ ਗਏ, ਜਦਕਿ ਪੁਲਸ ਨੇ ਮੁਲਜ਼ਮਾਂ ਦੀ ਇਕ ਕਾਰ ਕਬਜ਼ੇ ’ਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਾਮਲੇ ਦੀ ਸਮੀਖਿਆ ਕਰਦਿਆਂ ਡੀ.ਐੱਸ.ਪੀ. ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਥਾਣਾ ਵਲਟੋਹਾ ਦੇ ਮੁਖੀ ਇੰਸਪੈਕਟਰ ਮਨਜੀਤ ਸਿੰਘ ਪੁਲਸ ਕਰਮਚਾਰੀਆਂ ਸਮੇਤ ਸਰਹੱਦ ਨੇੜੇ ਗਸ਼ਤ ਤੋਂ ਬਾਅਦ ਜਦੋਂ ਵਾਪਸ ਪਰਤ ਰਹੇ ਸਨ, ਤਾਂ ਪਿੰਡ ਚੀਮਾ ਖੁਰਦ ਵਿਖੇ ਦੋ ਸ਼ੱਕੀ ਕਾਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਕਾਰ ਸਵਾਰਾਂ ਨੇ ਰੁਕਣ ਦੀ ਬਜਾਏ ਪੁਲਸ ’ਤੇ ਪਿਸਤੌਲ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ।

ਪੁਲਸ ਵੱਲੋਂ ਕੀਤੀ ਜਵਾਬੀ ਫਾਇਰਿੰਗ ਤੋਂ ਬਾਅਦ ਮੁਲਜ਼ਮ ਆਪਣੀ ਇਕ ਕਾਰ ਮੌਕੇ ’ਤੇ ਹੀ ਛੱਡ ਕੇ ਦੂਜੀ ਕਾਰ ਰਾਹੀਂ ਫ਼ਰਾਰ ਹੋ ਗਏ। ਇਸ ਮੁਕਾਬਲੇ ’ਚ ਮੁੱਖ ਸਿਪਾਹੀ ਸੰਦੀਪ ਸਿੰਘ ਦੇ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਡੀ.ਐੱਸ.ਪੀ. ਨੇ ਦੱਸਿਆ ਕਿ ਇਸ ਮਾਮਲੇ ’ਚ ਦੋ ਮੁਲਜ਼ਮਾਂ, ਜਿਨ੍ਹਾਂ ਦੀ ਪਛਾਣ ਸਿਮਰਨ ਸਿੰਘ (ਵਾਸੀ ਪਿੰਡ ਵਲਟੋਹਾ) ਅਤੇ ਸੁਰਜੀਤ ਸਿੰਘ (ਵਾਸੀ ਪਿੰਡ ਕਲੰਜਰ) ਵਜੋਂ ਹੋਈ ਹੈ, ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਇਨ੍ਹਾਂ ਦੇ ਇਕ ਹੋਰ ਅਣਪਛਾਤੇ ਸਾਥੀ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Read More : ਰਣਜੀਤ ਸਿੰਘ ਐਨਕਾਊਂਟਰ ਮਾਮਲਾ: ਸੀ.ਜੇ.ਐੱਮ. ਦੀ ਮੌਜੂਦਗੀ ’ਚ ਹੋਇਆ ਪੋਸਟਮਾਰਟਮ

Leave a Reply

Your email address will not be published. Required fields are marked *