ਮਾਨ ਸਰਕਾਰ ਨੇ IIT ਰੋਪੜ ਨਾਲ ਕੀਤੀ ਸਾਂਝੇਦਾਰੀ
ਮੋਹਾਲੀ ; 17 ਅਪ੍ਰੈਲ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸੰਗਠਿਤ ਅਪਰਾਧ ਅਤੇ ਨਸ਼ਿਆਂ ਦੇ ਵਿਰੁੱਧ ਆਪਣੀ ਜੰਗ ਨੂੰ ਹੋਰ ਤੇਜ਼ ਕਰਦਿਆਂ ਇਕ ਵੱਡਾ ਕਦਮ ਚੁੱਕਿਆ ਹੈ। ਪੰਜਾਬ ਪੁਲਿਸ ਹੁਣ ਗੈਂਗਸਟਰਾਂ ਅਤੇ ਅਪਰਾਧੀਆਂ ’ਤੇ ਨਜ਼ਰ ਰੱਖਣ ਲਈ ਆਰਟੀਫ਼ਿਸ਼ਲ ਇੰਟੈਲੀਜੈਂਸ (AI) ਆਧਾਰਿਤ ਪੁਲਿਸਿੰਗ ਸਿਸਟਮ ਲਾਗੂ ਕਰੇਗੀ। ਇਸ ਮੰਤਵ ਲਈ ਇੰਡਿਅਨ ਇੰਸਟੀਟਿਊਟ ਆਫ ਟੈਕਨਾਲੋਜੀ (IIT) ਰੋਪੜ ਨਾਲ ਵਿਸ਼ੇਸ਼ ਸਾਂਝੇਦਾਰੀ ਕੀਤੀ ਗਈ ਹੈ।
ਇਸ ਸਹਿਯੋਗ ਤਹਿਤ ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਟਿਊਟ ਆਫ ਮੈਡੀਕਲ ਸਾਇੰਸ (AIMS ਮੋਹਾਲੀ) ਅਤੇ IIT ਰੋਪੜ ਵਿਚਕਾਰ ਇਕ ਸਮਝੌਤਾ ਯਾਦਦਾਸ਼ਤ (MoU) ’ਤੇ ਦਸਤਖ਼ਤ ਕੀਤੇ ਗਏ ਹਨ। ਏਮਸ ਮੋਹਾਲੀ ਵਿੱਚ ਸਥਾਪਿਤ ਡਾਟਾ ਇੰਟੈਲੀਜੈਂਸ ਅਤੇ ਟੈਕਨੀਕਲ ਸਪੋਰਟ ਯੂਨਿਟ ਇਸ ਪ੍ਰੋਜੈਕਟ ਨੂੰ ਅੱਗੇ ਵਧਾਏਗੀ। ਇਸ ਪਹਿਲ ਦਾ ਮੁੱਖ ਉਦੇਸ਼ ਅਪਰਾਧੀਆਂ ਦਾ ਇਕ ਅਜਿਹਾ ਡਿਜੀਟਲ ਡੇਟਾਬੇਸ ਤਿਆਰ ਕਰਨਾ ਹੈ, ਜਿਸ ਨਾਲ ਉਨ੍ਹਾਂ ਦੇ ਨੈੱਟਵਰਕ ਨੂੰ ਮੈਪ ਕਰਨਾ ਅਤੇ ਨਿਸ਼ਾਨਾ ਬਣਾਉਣਾ ਆਸਾਨ ਹੋ ਜਾਵੇਗਾ।
IIT ਰੋਪੜ ਵੱਲੋਂ ਅਜਿਹੇ ਉੱਨਤ ਸਾਫ਼ਟਵੇਅਰ ਤਿਆਰ ਕੀਤੇ ਜਾਣਗੇ ਜਿਨ੍ਹਾਂ ਵਿੱਚ ਡਾਟਾ ਐਨਾਲਿਟਿਕਸ, ਆਵਾਜ਼ ਪਛਾਣ ਤਕਨੀਕ (Voice Recognition) ਅਤੇ ਡੈਸ਼ਬੋਰਡ-ਆਧਾਰਿਤ ਮਾਨੀਟਰਿੰਗ ਵਰਗੀਆਂ ਸਹੂਲਤਾਂ ਹੋਣਗੀਆਂ। ਇਸ ਪ੍ਰਣਾਲੀ ਰਾਹੀਂ ਪੁਲਿਸ ਦੇ ਹੱਥ-ਲਿਖਤ ਰਿਕਾਰਡ ਅਤੇ ਸਕੈਨ ਕੀਤੀਆਂ ਪੀਡੀਐਫ ਫ਼ਾਈਲਾਂ ਨੂੰ ਵੀ ਡਿਜੀਟਲ ਰੂਪ ਵਿੱਚ ਬਦਲ ਕੇ ਇਕੋ ਪਲੇਟਫਾਰਮ ’ਤੇ ਉਪਲੱਬਧ ਕਰਵਾਇਆ ਜਾਵੇਗਾ।
ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਅਨੁਸਾਰ, ਇਹ ਤਕਨੀਕ ਪੁਲਿਸ ਨੂੰ ਅਪਰਾਧ ਦੇ ਪੈਟਰਨ ਪਛਾਣਨ ਵਿੱਚ ਮਦਦ ਕਰੇਗੀ ਅਤੇ ਵਿਦੇਸ਼ਾਂ ਤੋਂ ਨੈੱਟਵਰਕ ਚਲਾ ਰਹੇ ਗੈਂਗਸਟਰਾਂ ਵਿਰੁੱਧ ਕਾਰਵਾਈ ਨੂੰ ਹੋਰ ਪ੍ਰਭਾਵਸ਼ਾਲੀ ਬਣਾਏਗੀ। ਇਹ ਪ੍ਰੋਜੈਕਟ ‘ਗੈਂਗਸਟਰਾਂ ਤੇ ਵਾਰ’ ਅਤੇ ‘ਨਸ਼ਿਆਂ ਵਿਰੁੱਧ ਜੰਗ’ ਮੁਹਿੰਮਾਂ ਨੂੰ ਤਕਨੀਕੀ ਤੌਰ ‘ਤੇ ਮਜ਼ਬੂਤ ਕਰੇਗਾ, ਤਾਂ ਜੋ ਸੂਬੇ ਵਿੱਚ ਲੋਕ ਸੁਰੱਖਿਆ ਨੂੰ ਹਰ ਪੱਖੋਂ ਯਕੀਨੀ ਬਣਾਇਆ ਜਾ ਸਕੇ।
Read More : ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਸੁਖਬੀਰ ਬਾਦਲ ਦੇ ‘ਪੰਜਾਬ ਬਚਾਓ’ ਡਰਾਮੇ ਦੀ ਖੋਲ੍ਹੀ ਪੋਲ : ਬਲਤੇਜ ਪੰਨੂ
