ਚੰਡੀਗੜ੍ਹ, 17 ਅਪ੍ਰੈਲ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਅਕਾਲੀ ਦਲ ਦਾ ਇਤਿਹਾਸ ਕਾਲੇ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਪੰਨੂ ਨੇ ਮੋਗਾ ਦੇ ਤਾਜ਼ਾ ਘਟਨਾਕ੍ਰਮ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਉੱਥੇ ਇੱਕ ਅਕਾਲੀ ਆਗੂ ਅਤੇ ਐਮਸੀ ਜਗਜੀਤ ਸਿੰਘ ਜੀਤਾ ਨੂੰ ਦੇਹ ਵਪਾਰ ਦਾ ਧੰਦਾ ਚਲਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਿਸ ਹੋਟਲ ਵਿੱਚ ਕੁੜੀਆਂ ਤੋਂ ਇਹ ਅਨੈਤਿਕ ਕੰਮ ਕਰਵਾਇਆ ਜਾ ਰਿਹਾ ਸੀ, ਉਸ ਦਾ ਮਾਲਕ ਜਗਜੀਤ ਸਿੰਘ ਜੀਤਾ ਹੀ ਹੈ। ਛਾਪੇਮਾਰੀ ਦੌਰਾਨ ਪੁਲਿਸ ਨੂੰ ਮੌਕੇ ਤੋਂ ਕਈ ਕੁੜੀਆਂ ਮਿਲੀਆਂ, ਜਿਨ੍ਹਾਂ ਵਿੱਚ ਇੱਕ ਨਾਬਾਲਗ ਬੱਚੀ ਦਾ ਹੋਣਾ ਬਹੁਤ ਹੀ ਹਿਰਦੇਵੇਦਕ ਅਤੇ ਚਿੰਤਾਜਨਕ ਹੈ। ਪੰਨੂ ਨੇ ਸਵਾਲ ਉਠਾਇਆ ਕਿ ਗ੍ਰਿਫ਼ਤਾਰੀ ਦੇ ਇੰਨੇ ਘੰਟੇ ਬੀਤ ਜਾਣ ਤੋਂ ਬਾਅਦ ਵੀ ਸੁਖਬੀਰ ਬਾਦਲ ਜਾਂ ਕਿਸੇ ਵੱਡੇ ਅਕਾਲੀ ਆਗੂ ਨੇ ਇਸ ‘ਤੇ ਚੁੱਪ ਕਿਉਂ ਧਾਰੀ ਹੋਈ ਹੈ? ਕੀ ਉਨ੍ਹਾਂ ਦੀ ਚੁੱਪ ਅਪਰਾਧੀਆਂ ਦਾ ਸਿੱਧਾ ਸਮਰਥਨ ਹੈ?
ਬਲਤੇਜ ਪੰਨੂ ਨੇ ਕਿਹਾ ਕਿ ਸਾਲ 2007 ਤੋਂ 2017 ਤੱਕ ਅਕਾਲੀ-ਭਾਜਪਾ ਸਰਕਾਰ ਦੌਰਾਨ ਪੰਜਾਬ ਨੇ ਚਿੱਟੇ ਦਾ ਕਾਰੋਬਾਰ, ਕੇਬਲ ਮਾਫੀਆ, ਬੱਸਾਂ ਦਾ ਧੰਦਾ ਅਤੇ ਗੈਂਗਸਟਰ ਸੱਭਿਆਚਾਰ ਵਰਗਾ ਸੰਤਾਪ ਹੰਢਾਇਆ ਹੈ। ਹੁਣ ਦੇਹ ਵਪਾਰ ਵਿੱਚ ਵੀ ਅਕਾਲੀ ਆਗੂਆਂ ਦਾ ਹੱਥ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਹੱਥ ਮਾਸੂਮ ਬੱਚੀਆਂ ਦੇ ਭਵਿੱਖ ਨੂੰ ਹਨੇਰੇ ਵਿੱਚ ਧੱਕਣ ਵਾਲੇ ਧੰਦਿਆਂ ਨਾਲ ਰੰਗੇ ਹੋਣ, ਉਨ੍ਹਾਂ ਨੂੰ ਪੰਜਾਬ ਬਚਾਉਣ ਦੀ ਗੱਲ ਕਰਨੀ ਸ਼ੋਭਾ ਨਹੀਂ ਦਿੰਦੀ।
ਪੰਨੂ ਨੇ ਅਕਾਲੀ ਦਲ ਦੀ ‘ਪੰਜਾਬ ਬਚਾਓ ਯਾਤਰਾ’ ‘ਤੇ ਤੰਜ ਕੱਸਦਿਆਂ ਕਿਹਾ ਕਿ ਮੋਗਾ ਰੈਲੀ ਦੌਰਾਨ ਜਗਜੀਤ ਸਿੰਘ ਜੀਤਾ ਦੀਆਂ ਤਸਵੀਰਾਂ ਵੱਡੇ ਅਕਾਲੀ ਆਗੂਆਂ ਨਾਲ ਸਾਹਮਣੇ ਆਈਆਂ ਹਨ। ਉਨ੍ਹਾਂ ਕਿਹਾ ਕਿ ਮੋਗਾ ਵਿੱਚ ਪਹਿਲਾਂ ਵੀ ਸੈਕਸ ਸਕੈਂਡਲ ਵਿੱਚ ਕਈ ਸੀਨੀਅਰ ਅਕਾਲੀ ਆਗੂਆਂ ਦੇ ਨਾਂ ਉਛਲੇ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਅਜਿਹੇ ਕਿਸੇ ਵੀ ਅਪਰਾਧੀ ਨੂੰ ਬਖਸ਼ਣ ਵਾਲੀ ਨਹੀਂ ਹੈ, ਚਾਹੇ ਉਹ ਕਿੰਨਾ ਵੀ ਰਸੂਖਦਾਰ ਕਿਉਂ ਨਾ ਹੋਵੇ।
Read More : ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਐਲਾਨ
