ਪੁਲਿਸ ਨੇ ਲੋਕੇਸ਼ਨ ਟ੍ਰੇਸ ਕਰਕੇ ਬਾਂਕਾ ਦੇ ਸ਼ੇਖਰ ਯਾਦਵ ਨੂੰ ਦਬੋਚਿਆ
ਬਿਹਾਰ , 17 ਅਪ੍ਰੈਲ : ਬਿਹਾਰ ਦੇ ਨਵੇਂ ਬਣੇ ਮੁੱਖ ਮੰਤਰੀ ਸਮਰਾਟ ਚੌਧਰੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਮੁੱਖ ਮੰਤਰੀ ਦੇ ਨਿਵਾਸ ‘ਤੇ ਫ਼ੋਨ ਕਰਕੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ। ਮੁਲਜ਼ਮ ਦੀ ਪਛਾਣ ਸ਼ੇਖਰ ਯਾਦਵ (32) ਵਜੋਂ ਹੋਈ ਹੈ, ਜੋ ਬਿਹਾਰ ਦੇ ਬਾਂਕਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ।
ਧਮਕੀ ਮਿਲਣ ਤੋਂ ਬਾਅਦ ਗੁਜਰਾਤ ਅਤੇ ਬਿਹਾਰ ਪੁਲਿਸ ਵੱਲੋਂ ਸਾਂਝੇ ਤੌਰ ‘ਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਸੀ। ਤਕਨੀਕੀ ਮਦਦ ਨਾਲ ਮੁਲਜ਼ਮ ਦੀ ਲੋਕੇਸ਼ਨ ਗੁਜਰਾਤ ਦੇ ਸਾਨੰਦ ਵਿੱਚ ਮਿਲੀ, ਜਿੱਥੋਂ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਜਾਣਕਾਰੀ ਮੁਤਾਬਕ ਮੁਲਜ਼ਮ ਗੁਜਰਾਤ ਵਿੱਚ ਮਜ਼ਦੂਰੀ ਕਰਦਾ ਹੈ। ਗੁਜਰਾਤ ਪੁਲਿਸ ਨੇ ਮੁਲਜ਼ਮ ਨੂੰ ਬਿਹਾਰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਅਤੇ ਹੁਣ ਉਸ ਨੂੰ ਪੁੱਛਗਿੱਛ ਲਈ ਬਿਹਾਰ ਲਿਆਂਦਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਸਮਰਾਟ ਚੌਧਰੀ ਨੇ ਬੀਤੀ 15 ਅਪ੍ਰੈਲ ਨੂੰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਮੁਲਜ਼ਮ ਸ਼ੇਖਰ ਯਾਦਵ ਨੇ ਆਪਣੇ ਮੋਬਾਈਲ ਫ਼ੋਨ ਰਾਹੀਂ ਮੁੱਖ ਮੰਤਰੀ ਨਿਵਾਸ ‘ਤੇ ਧਮਕੀ ਭਰਿਆ ਫ਼ੋਨ ਕੀਤਾ ਸੀ। ਇਸ ਸਬੰਧੀ ਮੁੰਗੇਰ ਦੇ ਸੰਗਰਾਮਪੁਰ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਮੋਬਾਈਲ ਲੋਕੇਸ਼ਨ ਟ੍ਰੇਸ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।
Read More : ਪੰਜਾਬ ਪੁਲਿਸ ਗੈਂਗਸਟਰਾਂ ’ਤੇ ਸ਼ਿਕੰਜਾ ਕੱਸਣ ਲਈ ਅਪਣਾਏਗੀ ਆਧੁਨਿਕ AI ਟੂਲ
