ਸਮਰਾਟ ਚੌਧਰੀ

ਬਿਹਾਰ ਦੀ ਸਿਆਸਤ ’ਚ ਵੱਡਾ ਉਲਟਫੇਰ: ਸਮਰਾਟ ਚੌਧਰੀ ਬਣਨਗੇ ਨਵੇਂ ਮੁੱਖ ਮੰਤਰੀ

ਨਿਤੀਸ਼ ਕੁਮਾਰ ਦਾ ਅਸਤੀਫ਼ਾ, ਭਾਜਪਾ ਵਿਧਾਇਕ ਦਲ ਨੇ ਸਮਰਾਟ ਚੌਧਰੀ ਨੂੰ ਚੁਣਿਆ ਆਪਣਾ ਨੇਤਾ

ਪਟਨਾ, 14 ਅਪ੍ਰੈਲ : ਬਿਹਾਰ ਦੀ ਸੱਤਾ ’ਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਲੋਕ ਭਵਨ ਪਹੁੰਚ ਕੇ ਰਾਜਪਾਲ ਨੂੰ ਆਪਣਾ ਤਿਆਗ ਪੱਤਰ ਸੌਂਪਿਆ।

ਨਿਤੀਸ਼ ਕੁਮਾਰ ਲੋਕ ਭਵਨ ’ਚ ਸਿਰਫ਼ 7 ਮਿੰਟ ਹੀ ਰੁਕੇ। ਇਸ ਦੇ ਨਾਲ ਹੀ ਬਿਹਾਰ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਧਾਇਕ ਦਲ ਦੀ ਬੈਠਕ ’ਚ ਸਮਰਾਟ ਚੌਧਰੀ ਨੂੰ ਸਰਬਸੰਮਤੀ ਨਾਲ ਆਪਣਾ ਨੇਤਾ ਚੁਣ ਲਿਆ ਗਿਆ ਹੈ। ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਰਾਸ਼ਟਰੀ ਲੋਕਤੰਤਰੀ ਗੱਠਜੋੜ (ਰਾਜਗ) ਦੀ ਨਵੀਂ ਸਰਕਾਰ ’ਚ ਸਮਰਾਟ ਚੌਧਰੀ ਮੁੱਖ ਮੰਤਰੀ ਵਜੋਂ ਕਮਾਨ ਸੰਭਾਲਣਗੇ।

ਪਟਨਾ ਸਥਿਤ ਭਾਜਪਾ ਹੈੱਡਕੁਆਰਟਰ ’ਚ ਹੋਈ ਬੈਠਕ ਤੋਂ ਬਾਅਦ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੱਸਿਆ ਕਿ ਅਹੁਦਾ ਛੱਡ ਰਹੇ ਉਪ-ਮੁੱਖ ਮੰਤਰੀ ਵਿਜੇ ਕੁਮਾਰ ਸਿਨ੍ਹਾ ਨੇ ਸਮਰਾਟ ਚੌਧਰੀ ਦੇ ਨਾਂ ਦਾ ਪ੍ਰਸਤਾਵ ਰੱਖਿਆ, ਜਿਸ ਦਾ ਸਮਰਥਨ ਦਿਲੀਪ ਜਾਇਸਵਾਲ ਅਤੇ ਮੰਗਲ ਪਾਂਡੇ ਨੇ ਕੀਤਾ। ਸਾਰੇ ਵਿਧਾਇਕਾਂ ਨੇ ਇਸ ਫ਼ੈਸਲੇ ’ਤੇ ਸਹਿਮਤੀ ਜਤਾਈ।

ਤਾਰਾਪੁਰ ਤੋਂ ਵਿਧਾਇਕ ਸਮਰਾਟ ਚੌਧਰੀ ਨੇ ਆਪਣੀ ਚੋਣ ਹੋਣ ’ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਇਕ ਪਵਿੱਤਰ ਮੌਕਾ ਹੈ ਅਤੇ ਉਹ ਬਿਹਾਰ ਦੀ ਜਨਤਾ ਦੀ ਸੇਵਾ ਪੂਰੇ ਸਮਰਪਣ ਤੇ ਇਮਾਨਦਾਰੀ ਨਾਲ ਕਰਨਗੇ।

ਨਿਤੀਸ਼ ਦੀ ਆਖ਼ਰੀ ਕੈਬਨਿਟ ਬੈਠਕ ’ਚ ਭਾਵੁਕ ਹੋਏ ਮੰਤਰੀ

ਅਸਤੀਫ਼ੇ ਤੋਂ ਪਹਿਲਾਂ ਨਿਤੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਸੰਖੇਪ ਕੈਬਨਿਟ ਬੈਠਕ ’ਚ ਮਾਹੌਲ ਕਾਫ਼ੀ ਭਾਵੁਕ ਰਿਹਾ। ਲਗਭਗ 17 ਮਿੰਟ ਤੱਕ ਚੱਲੀ ਬੈਠਕ ਦੌਰਾਨ ਕਈ ਮੰਤਰੀਆਂ ਦੀਆਂ ਅੱਖਾਂ ’ਚ ਹੰਝੂ ਆ ਗਏ। ਨਿਤੀਸ਼ ਕੁਮਾਰ ਨੇ ਆਪਣੇ ਮੰਤਰੀ ਮੰਡਲ ਦੇ ਸਾਥੀਆਂ ਨਾਲ ਸੂਬੇ ’ਚ ਨਵੀਂ ਸਰਕਾਰ ਦੇ ਗਠਨ ਅਤੇ ਆਪਣੇ ਭਵਿੱਖ ਦੇ ਫ਼ੈਸਲਿਆਂ ਬਾਰੇ ਚਰਚਾ ਕੀਤੀ।

ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਸਹਿਯੋਗ ਦੇਣ ਲਈ ਸਾਰੇ ਮੰਤਰੀਆਂ ਅਤੇ ਸਰਕਾਰੀ ਅਧਿਕਾਰੀਆਂ ਦਾ ਧੰਨਵਾਦ ਕੀਤਾ। ਦੂਜੇ ਪਾਸੇ, ਮੰਤਰੀ ਮੰਡਲ ਦੇ ਮੈਂਬਰਾਂ ਨੇ ਵੀ ਬਿਹਾਰ ਨੂੰ ਲੰਮਾ ਸਮਾਂ ਸਥਿਰ ਸ਼ਾਸਨ ਦੇਣ ਲਈ ਨਿਤੀਸ਼ ਕੁਮਾਰ ਦੀ ਅਗਵਾਈ ਦੀ ਸ਼ਲਾਘਾ ਕੀਤੀ।

Read More : ਮਸਜਿਦ ’ਚ ਨਮਾਜ਼ੀਆਂ ਦੀ ਗਿਣਤੀ ਸੀਮਤ ਕਰਨ ’ਤੇ ਹਾਈ ਕੋਰਟ ਨੇ ਜ਼ਿਲਾ ਮੈਜਿਸਟ੍ਰੇਟ ਦੀ ਪਾਈ ਝਾੜ

Leave a Reply

Your email address will not be published. Required fields are marked *