Bhagwant Mann

ਬਾਬਾ ਸਾਹਿਬ ਦੇ ਜਨਮ ਦਿਨ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਇਤਿਹਾਸਕ ਤੋਹਫ਼ਾ

‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਰਾਹੀਂ ਔਰਤਾਂ ਨੂੰ ਮਿਲੇਗੀ ਵਿੱਤੀ ਆਜ਼ਾਦੀ

ਜਲੰਧਰ, 14 ਅਪ੍ਰੈਲ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ ਜਨਮ ਦਿਵਸ ਮੌਕੇ ਪੰਜਾਬ ਦੀਆਂ ਔਰਤਾਂ ਲਈ “ਮਾਵਾਂ-ਧੀਆਂ ਸਤਿਕਾਰ ਯੋਜਨਾ” ਦੀ ਸ਼ੁਰੂਆਤ ਕਰਦਿਆਂ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਇਸ ਯੋਜਨਾ ਤਹਿਤ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1000 ਤੋਂ 1500 ਰੁਪਏ ਤੱਕ ਦੀ ਮਾਸਿਕ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਸੀਨੀਅਰ ‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਮੌਜੂਦਗੀ ਵਿੱਚ ਰਜਿਸਟ੍ਰੇਸ਼ਨ ਪ੍ਰਕਿਰਿਆ ਦਾ ਉਦਘਾਟਨ ਕੀਤਾ।

ਪਹਿਲੇ ਪੜਾਅ ਵਿੱਚ ਇਹ ਯੋਜਨਾ 9 ਹਲਕਿਆਂ (ਆਦਮਪੁਰ, ਮਲੋਟ, ਸ੍ਰੀ ਆਨੰਦਪੁਰ ਸਾਹਿਬ, ਦਿੜ੍ਹਬਾ, ਸੁਨਾਮ, ਮੋਗਾ, ਕੋਟਕਪੂਰਾ, ਬਟਾਲਾ ਅਤੇ ਪਟਿਆਲਾ ਦਿਹਾਤੀ) ਵਿੱਚ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤੀ ਗਈ ਹੈ। ਰਾਜ ਦੇ ਬਾਕੀ 108 ਹਲਕਿਆਂ ਵਿੱਚ ਰਜਿਸਟ੍ਰੇਸ਼ਨ 15 ਮਈ ਤੋਂ ਸ਼ੁਰੂ ਹੋਵੇਗੀ ਅਤੇ ਲਾਭਪਾਤਰੀਆਂ ਨੂੰ ਪੈਸਿਆਂ ਦੀ ਅਦਾਇਗੀ ਜੁਲਾਈ 2026 ਤੋਂ ਸ਼ੁਰੂ ਕਰ ਦਿੱਤੀ ਜਾਵੇਗੀ।

ਕਿਹੜੇ ਦਸਤਾਵੇਜ਼ ਚਾਹੀਦੇ ਹਨ?
ਰਜਿਸਟ੍ਰੇਸ਼ਨ ਲਈ ਸਿਰਫ਼ ਤਿੰਨ ਮੁੱਢਲੇ ਦਸਤਾਵੇਜ਼ਾਂ ਦੀ ਲੋੜ ਹੈ: ਪੰਜਾਬ ਦੇ ਪਤੇ ਵਾਲਾ ਆਧਾਰ ਕਾਰਡ, ਪੰਜਾਬ ਦਾ ਵੋਟਰ ਆਈਡੀ ਅਤੇ ਬੈਂਕ ਪਾਸਬੁੱਕ। ਅਨੁਸੂਚਿਤ ਜਾਤੀ (SC) ਦੀਆਂ ਔਰਤਾਂ ਲਈ ਜਾਤੀ ਸਰਟੀਫਿਕੇਟ ਜ਼ਰੂਰੀ ਹੈ, ਪਰ ਜੇਕਰ ਅਜੇ ਸਰਟੀਫਿਕੇਟ ਨਹੀਂ ਬਣਿਆ, ਤਾਂ ਵੀ ਉਹ ਰਜਿਸਟਰ ਕਰ ਸਕਦੀਆਂ ਹਨ ਅਤੇ ₹1000 ਪ੍ਰਾਪਤ ਕਰ ਸਕਦੀਆਂ ਹਨ। ਸਰਟੀਫਿਕੇਟ ਜਮ੍ਹਾਂ ਹੋਣ ‘ਤੇ ਬਾਕੀ ₹500 ਦਾ ਬਕਾਇਆ ਵੀ ਜੁਲਾਈ ਤੋਂ ਮਿਲ ਜਾਵੇਗਾ।

ਘਰ ਬੈਠੇ ਮਿਲੇਗੀ ਸਹੂਲਤ : ਸਰਕਾਰ ਵੱਲੋਂ ਹਰ ਪਿੰਡ ਅਤੇ ਵਾਰਡ ਵਿੱਚ ‘ਮਹਿਲਾ ਸਤਿਕਾਰ ਸਖੀਆਂ’ ਤਾਇਨਾਤ ਕੀਤੀਆਂ ਜਾਣਗੀਆਂ, ਜੋ ਘਰ-ਘਰ ਜਾ ਕੇ ਔਰਤਾਂ ਦੇ ਫਾਰਮ ਭਰਨ ਅਤੇ ਦਸਤਾਵੇਜ਼ ਤਿਆਰ ਕਰਵਾਉਣ ਵਿੱਚ ਮਦਦ ਕਰਨਗੀਆਂ। ਇਸ ਤੋਂ ਇਲਾਵਾ, ਪੰਜਾਬ ਭਰ ਵਿੱਚ 26,000 ਤੋਂ ਵੱਧ ਰਜਿਸਟ੍ਰੇਸ਼ਨ ਕੇਂਦਰ (ਆਂਗਣਵਾੜੀ, ਸੇਵਾ ਕੇਂਦਰ ਅਤੇ ਨਗਰ ਨਿਗਮ ਦਫ਼ਤਰ) ਸਥਾਪਿਤ ਕੀਤੇ ਗਏ ਹਨ।

ਲਾਭ ਦੀ ਗਰੰਟੀ : ਮੁੱਖ ਮੰਤਰੀ ਨੇ ਵਿਸ਼ੇਸ਼ ਤੌਰ ‘ਤੇ ਕਿਹਾ ਕਿ ਰਜਿਸਟ੍ਰੇਸ਼ਨ ਲਈ ਕੋਈ ਸਮਾਂ ਸੀਮਾ ਨਹੀਂ ਹੈ। ਜੇਕਰ ਕੋਈ ਔਰਤ ਕੁਝ ਮਹੀਨੇ ਦੇਰੀ ਨਾਲ ਵੀ ਰਜਿਸਟਰ ਹੁੰਦੀ ਹੈ, ਤਾਂ ਵੀ ਉਸਨੂੰ ਜੁਲਾਈ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਪਿਛਲਾ ਬਕਾਇਆ (Arrears) ਮਿਲੇਗਾ। ਇਸ ਯੋਜਨਾ ਲਈ ਸਰਕਾਰ ਨੇ 9300 ਕਰੋੜ ਰੁਪਏ ਦਾ ਬਜਟ ਰਾਖਵਾਂ ਰੱਖਿਆ ਹੈ, ਜੋ ਸੂਬੇ ਦੀਆਂ 97% ਔਰਤਾਂ ਨੂੰ ਕਵਰ ਕਰੇਗਾ।

ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਅਮਨ ਅਰੋੜਾ, ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਹੋਰ ਸੀਨੀਅਰ ਆਗੂਆਂ ਨੇ ਵੀ ਸ਼ਿਰਕਤ ਕੀਤੀ ਅਤੇ ਇਸ ਨੂੰ ਮਹਿਲਾ ਸਸ਼ਕਤੀਕਰਨ ਵੱਲ ਇੱਕ ਵੱਡਾ ਕਦਮ ਦੱਸਿਆ।

Read More : ਪੰਜ ਦਹਾਕਿਆਂ ਪੁਰਾਣੀ ਪਰੰਪਰਾ ਟੁੱਟੀ: ਕੇਂਦਰ ਵੱਲੋਂ BBMB ਦੇ ਭਰਤੀ ਨਿਯਮਾਂ ਵਿਚ ਵੱਡੀ ਸੋਧ

Leave a Reply

Your email address will not be published. Required fields are marked *