ਪੰਜਾਬ-ਵਿਧਾਨ-ਸਭਾ-ਸੈਸ਼ਨ

ਪੰਜਾਬ ਵਿਧਾਨ ਸਭਾ ‘ਚ ਸ਼ਰਧਾਂਜਲੀਆਂ ਤੋਂ ਬਾਅਦ ਹੰਗਾਮਾ; ਅੱਜ ਹੋਵੇਗਾ ਫਲੋਰ ਟੈਸਟ

ਪਾਰਟੀ ਅੰਦਰ ਫੁੱਟ ਦੀਆਂ ਅਫ਼ਵਾਹਾਂ ਦਰਮਿਆਨ ਮਾਨ ਸਰਕਾਰ ਪੇਸ਼ ਕਰੇਗੀ ਵਿਸ਼ਵਾਸ ਮਤਾ; ਵਿਧਾਇਕਾਂ ਨੂੰ ਵ੍ਹਿਪ ਜਾਰੀ

ਚੰਡੀਗੜ੍ਹ, 1 ਮਈ : ਪੰਜਾਬ ਦੀ ਸਿਆਸਤ ਵਿੱਚ ਅੱਜ ਦਾ ਦਿਨ ਬੇਹੱਦ ਅਹਿਮ ਸਾਬਤ ਹੋਣ ਵਾਲਾ ਹੈ। ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ਼ੁਰੂ ਹੋ ਚੁੱਕਾ ਹੈ, ਜਿੱਥੇ ਆਜ਼ਾਦੀ ਘੁਲਾਟੀਏ ਚਮਨ ਲਾਲ ਸਮੇਤ ਕਈ ਪ੍ਰਮੁੱਖ ਹਸਤੀਆਂ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਤੋਂ ਬਾਅਦ ਸਦਨ ਨੂੰ 11:30 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਇਸ ਸੈਸ਼ਨ ਦੌਰਾਨ ਜਿੱਥੇ ਸਰਕਾਰ ਘੱਟੋ-ਘੱਟ ਉਜਰਤਾਂ ਵਿੱਚ ਵਾਧੇ ਦਾ ਪ੍ਰਸਤਾਵ ਰੱਖੇਗੀ, ਉੱਥੇ ਹੀ ਸਭ ਤੋਂ ਵੱਡੀ ਨਜ਼ਰ ‘ਵਿਸ਼ਵਾਸ ਮਤੇ’ (Confidence Motion) ‘ਤੇ ਟਿਕੀ ਹੋਈ ਹੈ।

ਆਮ ਆਦਮੀ ਪਾਰਟੀ (ਆਪ) ਦੇ 6 ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਰਕਾਰ ਦੀ ਸਥਿਰਤਾ ‘ਤੇ ਸਵਾਲ ਉੱਠ ਰਹੇ ਹਨ। ਇਸੇ ਖ਼ਤਰੇ ਦੇ ਮੱਦੇਨਜ਼ਰ ਅੱਜ ਸਦਨ ਵਿੱਚ ਫਲੋਰ ਟੈਸਟ ਹੋਵੇਗਾ। ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਵਿਸ਼ਵਾਸ ਪ੍ਰਸਤਾਵ ਪੇਸ਼ ਕੀਤਾ ਜਾਵੇਗਾ ਤਾਂ ਜੋ ਸਰਕਾਰ ਆਪਣਾ ਬਹੁਮਤ ਸਾਬਤ ਕਰ ਸਕੇ।

ਪਾਰਟੀ ਨੇ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਆਪਣੇ ਸਾਰੇ ਵਿਧਾਇਕਾਂ ਨੂੰ ਵਿਧਾਨ ਸਭਾ ਵਿੱਚ ਹਾਜ਼ਰ ਰਹਿਣ ਲਈ ‘ਵ੍ਹਿਪ’ ਜਾਰੀ ਕੀਤਾ ਹੈ। ਸਾਰੇ ਵਿਧਾਇਕਾਂ ਨੂੰ ਨਿਰਧਾਰਤ ਸਮੇਂ ਤੋਂ ਇੱਕ ਘੰਟਾ ਪਹਿਲਾਂ ਪਹੁੰਚਣ ਦੇ ਹੁਕਮ ਦਿੱਤੇ ਗਏ ਹਨ।

ਦੋ ਦਿਨ ਪਹਿਲਾਂ ਜਲੰਧਰ ਵਿੱਚ ਬੁਲਾਈ ਗਈ ਅਹਿਮ ਮੀਟਿੰਗ ਵਿੱਚ 94 ਵਿੱਚੋਂ ਸਿਰਫ਼ 65 ਵਿਧਾਇਕਾਂ ਦੇ ਸ਼ਾਮਲ ਹੋਣ ਦੀਆਂ ਰਿਪੋਰਟਾਂ ਨੇ ਪਾਰਟੀ ਅੰਦਰ ਫੁੱਟ ਦੀਆਂ ਚਰਚਾਵਾਂ ਨੂੰ ਹਵਾ ਦਿੱਤੀ ਹੈ। ਲੋਕ ਸਭਾ ਦੇ ਤਿੰਨ ਸੰਸਦ ਮੈਂਬਰ ਵੀ ਇਸ ਮੀਟਿੰਗ ਵਿੱਚੋਂ ਗੈਰਹਾਜ਼ਰ ਰਹੇ।

ਕੁੱਲ ਵਿਧਾਇਕ (ਪੰਜਾਬ) : 117

ਬਹੁਮਤ ਲਈ ਲੋੜੀਂਦੇ : 59

‘ਆਪ’ ਕੋਲ ਮੌਜੂਦਾ ਵਿਧਾਇਕ : 94

ਹਾਲਾਂਕਿ ‘ਆਪ’ ਕੋਲ ਬਹੁਮਤ ਦੇ ਅੰਕੜੇ ਤੋਂ ਕਾਫੀ ਜ਼ਿਆਦਾ ਵਿਧਾਇਕ ਹਨ, ਪਰ ਮੀਟਿੰਗ ਵਿੱਚੋਂ ਵਿਧਾਇਕਾਂ ਦੀ ਗੈਰਹਾਜ਼ਰੀ ਨੇ ਵਿਰੋਧੀ ਧਿਰਾਂ ਨੂੰ ਸਵਾਲ ਚੁੱਕਣ ਦਾ ਮੌਕਾ ਦੇ ਦਿੱਤਾ ਹੈ। ਹੁਣ ਸਾਰੀਆਂ ਨਜ਼ਰਾਂ ਵਿਧਾਨ ਸਭਾ ਦੀ ਕਾਰਵਾਈ ‘ਤੇ ਹਨ ਕਿ ਕੀ ਸਰਕਾਰ ਆਸਾਨੀ ਨਾਲ ਆਪਣਾ ਵਿਸ਼ਵਾਸ ਸਾਬਤ ਕਰ ਪਾਵੇਗੀ ਜਾਂ ਨਹੀਂ।

Read More : ਪੰਜਾਬ ਪੁਲਿਸ ਦਾ ਵੱਡਾ ਪਹਿਰਾ; ਸਰਹੱਦੀ ਇਲਾਕਿਆਂ ‘ਚ ਲਗਾਏ 2291 CCTV ਕੈਮਰੇ

Leave a Reply

Your email address will not be published. Required fields are marked *