ਤਰੁਣਪ੍ਰੀਤ-ਸਿੰਘ-ਸੌਂਦ

ਮੰਤਰੀ ਤਰੁਣਪ੍ਰੀਤ ਸੌਂਦ ਵੱਲੋਂ ਮਜ਼ਦੂਰਾਂ ਦੀਆਂ ਉਜਰਤਾਂ ਵਧਾਉਣ ਲਈ ਇਤਿਹਾਸਕ ਮਤਾ ਪੇਸ਼

ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ‘ਚ ਗੂੰਜਿਆ ‘ਮਈ ਦਿਵਸ’ ਦਾ ਸੁਨੇਹਾ; 2012 ਤੋਂ ਰੁਕੀਆਂ ਦਰਾਂ ਨੂੰ ਸੋਧਣ ਦੀ ਤਿਆਰੀ

ਚੰਡੀਗੜ੍ਹ, 01 ਮਈ : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਜਾਰੀ ਹੈ, ਜਿਸ ਵਿੱਚ ਅੱਜ ‘ਮਈ ਦਿਵਸ’ ਦੇ ਮੌਕੇ ‘ਤੇ ਮਜ਼ਦੂਰ ਵਰਗ ਦੇ ਹੱਕ ਵਿੱਚ ਇੱਕ ਅਹਿਮ ਮਤਾ ਪੇਸ਼ ਕੀਤਾ ਗਿਆ। ਇਸ ਮੌਕੇ ਮਤਾ ਪੇਸ਼ ਕਰਦਿਆਂ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਵਿਧਾਨ ਸਭਾ ਦਾ ਇਹ ਵਿਸ਼ੇਸ਼ ਸੈਸ਼ਨ ਮਜ਼ਦੂਰਾਂ ਦਾ ਸਨਮਾਨ ਕਰਨ ਲਈ ਬੁਲਾਇਆ ਗਿਆ ਹੈ। ਉਨ੍ਹਾਂ ਮਜ਼ਦੂਰਾਂ ਨੂੰ ਦੇਸ਼, ਸਮਾਜ ਅਤੇ ਸੂਬੇ ਦੀ ਤਰੱਕੀ ਦੀ ‘ਰੀੜ੍ਹ ਦੀ ਹੱਡੀ’ ਕਰਾਰ ਦਿੰਦਿਆਂ ਕਿਹਾ ਕਿ ਹਰ ਉਸਾਰੀ ਪ੍ਰੋਜੈਕਟ ਦੀ ਸਫਲਤਾ ਦੀ ਕੁੰਜੀ ਮਜ਼ਦੂਰਾਂ ਦਾ ਖ਼ੂਨ ਅਤੇ ਪਸੀਨਾ ਹੀ ਹੁੰਦੀ ਹੈ।

ਉਜਰਤਾਂ ਵਿੱਚ ਸੋਧ ਦੀ ਪੁਰਜ਼ੋਰ ਵਕਾਲਤ

ਸਦਨ ਨੂੰ ਸੰਬੋਧਨ ਕਰਦਿਆਂ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਵਿੱਚ ਮਜ਼ਦੂਰ ਵਰਗ ਲਈ ਘੱਟੋ-ਘੱਟ ਉਜਰਤਾਂ ਦੀ ਮੂਲ ਦਰ ਆਖਰੀ ਵਾਰ ਸਾਲ 2012 ਵਿੱਚ ਸੋਧੀ ਗਈ ਸੀ। ਹਾਲਾਂਕਿ ਉਦੋਂ ਤੋਂ ਮਹਿੰਗਾਈ ਭੱਤਾ ਵਧਿਆ ਹੈ, ਪਰ ਘੱਟੋ-ਘੱਟ ਮੂਲ ਦਰ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ।

ਮੰਤਰੀ ਨੇ ਕਿਹਾ ਕਿ ਮਜ਼ਦੂਰ ਦਿਵਸ ਦੇ ਇਸ ਸ਼ੁਭ ਮੌਕੇ ‘ਤੇ, ਵਿਧਾਨ ਸਭਾ ਦਾ ਇਹ ਵਿਸ਼ੇਸ਼ ਸੈਸ਼ਨ ਮਜ਼ਦੂਰਾਂ ਦੀਆਂ ਘੱਟੋ-ਘੱਟ ਉਜਰਤਾਂ ਵਧਾਉਣ ਅਤੇ ਦਰਾਂ ਨੂੰ ਮੁੜ ਸੋਧਣ ਦਾ ਪ੍ਰਸਤਾਵ ਰੱਖਦਾ ਹੈ। ਇਹ ਮਤਾ ਸਰਕਾਰ ਨੂੰ ਜ਼ੋਰਦਾਰ ਸਿਫਾਰਸ਼ ਕਰਦਾ ਹੈ ਕਿ ਮਜ਼ਦੂਰਾਂ ਦੇ ਯੋਗਦਾਨ ਦਾ ਸਤਿਕਾਰ ਕਰਨ, ਉਨ੍ਹਾਂ ਦੀ ਕਦਰ ਕਰਨ ਅਤੇ ਧੰਨਵਾਦ ਪ੍ਰਗਟਾਉਣ ਲਈ ਉਜਰਤਾਂ ਵਧਾਉਣ ਦਾ ਤੁਰੰਤ ਫੈਸਲਾ ਲਿਆ ਜਾਵੇ।

ਮਈ ਦਿਵਸ ਦਾ ਇਤਿਹਾਸਕ ਪਿਛੋਕੜ

ਇਸ ਦੌਰਾਨ ਮਈ ਦਿਵਸ ਦੇ ਇਤਿਹਾਸ ਬਾਰੇ ਦੱਸਿਆ ਗਿਆ ਕਿ ਇਹ ਦਿਨ 1886 ਵਿੱਚ ਸ਼ਿਕਾਗੋ ਦੇ ‘ਹੇਮਾਰਕੇਟ ਸਕੁਏਅਰ’ ਵਿਖੇ ਅੱਠ ਘੰਟੇ ਕੰਮਕਾਜੀ ਦਿਨ ਦੀ ਮੰਗ ਕਰਨ ਵਾਲੇ ਇਤਿਹਾਸਕ ਅੰਦੋਲਨ ਵਿੱਚ ਸ਼ਹੀਦ ਹੋਏ ਮਜ਼ਦੂਰਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਹ ਦਿਨ ਸਮਾਜਿਕ ਨਿਆਂ ਅਤੇ ਬਿਹਤਰ ਕਿਰਤ ਸਹੂਲਤਾਂ ਦੀ ਮਹੱਤਤਾ ਨੂੰ ਦੁਨੀਆ ਭਰ ਵਿੱਚ ਉਜਾਗਰ ਕਰਦਾ ਹੈ।

ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦਾ ਹਵਾਲਾ

ਮੰਤਰੀ ਸੌਂਦ ਨੇ ਕਿਹਾ ਕਿ ਪੰਜਾਬ ਗੁਰੂਆਂ, ਸੰਤਾਂ, ਪੈਗੰਬਰਾਂ ਅਤੇ ਬਹਾਦਰ ਯੋਧਿਆਂ ਦੀ ਪਵਿੱਤਰ ਧਰਤੀ ਹੈ। ਉਨ੍ਹਾਂ ਗੁਰੂ ਨਾਨਕ ਦੇਵ ਜੀ ਦੇ ਸਰਵ-ਉੱਚ ਸੰਦੇਸ਼ “ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ” ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਮਨੁੱਖਤਾ ਨੂੰ ਸਖ਼ਤ ਮਿਹਨਤ ਅਤੇ ਕਾਰਜ ਦੀ ਮਹੱਤਤਾ ਸਮਝਾਈ ਸੀ, ਜਿਸ ‘ਤੇ ਚੱਲਣਾ ਸਾਡਾ ਸਾਰਿਆਂ ਦਾ ਫਰਜ਼ ਹੈ।

Read More : ਪੰਜਾਬ ਪੁਲਿਸ ਦਾ ਵੱਡਾ ਪਹਿਰਾ; ਸਰਹੱਦੀ ਇਲਾਕਿਆਂ ‘ਚ ਲਗਾਏ 2291 CCTV ਕੈਮਰੇ

Leave a Reply

Your email address will not be published. Required fields are marked *