Union Minister J. P. Nadda

ਕੇਂਦਰੀ ਮੰਤਰੀ ਜੇ. ਪੀ. ਨੱਡਾ ਵੱਲੋਂ ਨਾਈਪਰ ਵਿਖੇ ਔਸ਼ਧੀ ਰਸੀਲੇ ਪੌਦਿਆਂ ਦੇ ਵਿਸ਼ੇਸ਼ ਗਾਰਡਨ ਦਾ ਉਦਘਾਟਨ

ਬਾਇਓਫਾਰਮਾਸਿਊਟੀਕਲ ਖੇਤਰ ਵਿੱਚ ਭਾਰਤ ਨੂੰ ਵਿਸ਼ਵ ਪੱਧਰੀ ਲੀਡਰ ਬਣਾਉਣ ਦਾ ਦਿੱਤਾ ਸੱਦਾ

ਮੋਹਾਲੀ, 1 ਮਈ : ਜਗਤ ਪ੍ਰਕਾਸ਼ ਨੱਡਾ, ਕੇਂਦਰੀ ਰਸਾਇਣ ਅਤੇ ਖਾਦ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਨੇ ਸ਼ੁੱਕਰਵਾਰ ਨੂੰ ਨੈਸ਼ਨਲ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਨਾਈਪਰ), ਮੋਹਾਲੀ ਦਾ ਦੌਰਾ ਕੀਤਾ। ਮਾਣਯੋਗ ਮੰਤਰੀ ਨਾਈਪਰ ਕਨਵੈਨਸ਼ਨ ਸੈਂਟਰ ਪਹੁੰਚੇ, ਜਿੱਥੇ ਉਨ੍ਹਾਂ ਦੇ ਨਾਲ ਰਸਾਇਣ ਅਤੇ ਖਾਦ ਮੰਤਰਾਲੇ ਦੇ ਫਾਰਮਾਸਿਊਟੀਕਲਜ਼ ਵਿਭਾਗ (DoP) ਦੇ ਸਕੱਤਰ ਮਨੋਜ ਜੋਸ਼ੀ, ਅੰਡਰ ਸੈਕਟਰੀ ਸੁਸ਼ੀਰੀ ਗੀਤਾ ਅਸ਼ੋਕ ਅਤੇ ਡਿਪਟੀ ਸੈਕਟਰੀ ਡਾ. ਕਿੰਨੀ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

ਇਸ ਦੌਰਾਨ ਇੱਕ ਅਹਿਮ ਬੋਰਡ ਰੂਮ ਮੀਟਿੰਗ ਕੀਤੀ ਗਈ, ਜਿਸ ਵਿੱਚ ਨਾਈਪਰ ਮੋਹਾਲੀ ਦੇ ਡਾਇਰੈਕਟਰ ਪ੍ਰੋ. ਦੁਲਾਲ ਪਾਂਡਾ ਨੇ ਸੰਸਥਾ ਦਾ ਦ੍ਰਿਸ਼ਟੀਕੋਣ, ਮੁੱਖ ਪ੍ਰਦਰਸ਼ਨ ਸੂਚਕ (KPI) ਅਤੇ ਰਣਨੀਤਕ ਰੋਡਮੈਪ ਪੇਸ਼ ਕੀਤਾ। ਇਸ ਪੇਸ਼ਕਾਰੀ ਦੌਰਾਨ ਉੱਤਮਤਾ ਕੇਂਦਰਾਂ ਜਿਵੇਂ ਕਿ COE-AVAB ਅਤੇ COE-ਬਾਇਓਫਾਰਮਾਸਿਊਟੀਕਲਜ਼, ਸੰਸਥਾ ਦੇ ਨਵੀਨਤਾ ਤੰਤਰ ਅਤੇ ਲਾਇਸੈਂਸਿੰਗ ਮੌਕਿਆਂ ‘ਤੇ ਵਿਸ਼ੇਸ਼ ਚਾਨਣਾ ਪਾਇਆ ਗਿਆ।

ਪ੍ਰੋ. ਪਾਂਡਾ ਨੇ ਦੱਸਿਆ ਕਿ ਸੰਸਥਾ ਖੋਜ ਉੱਤਮਤਾ ਨੂੰ ਸਮਰਪਿਤ ਹੈ ਅਤੇ ਭਾਰਤ ਸਰਕਾਰ ਦੇ ਬਾਇਓਫਾਰਮਾ ਸ਼ਕਤੀ ਮਿਸ਼ਨ ਨੂੰ ਮਜ਼ਬੂਤ ਕਰਨ ਲਈ ਸੈੱਲ ਅਤੇ ਜੀਨ ਥੈਰੇਪੀ, ਬਾਇਓਲੌਜਿਕਸ, ਮੈਡੀਕਲ ਉਪਕਰਣ ਅਤੇ ਏਆਈ-ਅਧਾਰਿਤ ਫਾਰਮਾਕੋਇਨਫੋਰਮੈਟਿਕਸ ਵਰਗੇ ਉੱਨਤ ਖੇਤਰਾਂ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਨੇ ਬਾਇਓਫਾਰਮਾਸਿਊਟੀਕਲਜ਼ ਅਤੇ ਰੈਗੂਲੇਟਰੀ ਅਫੇਅਰਜ਼ ਵਿੱਚ ਦੋ ਨਵੇਂ ਪੋਸਟ ਗ੍ਰੈਜੂਏਟ ਪ੍ਰੋਗਰਾਮ ਵੀ ਸ਼ੁਰੂ ਕੀਤੇ ਹਨ।

ਸਕੱਤਰ ਮਨੋਜ ਜੋਸ਼ੀ ਨੇ ਫੈਕਲਟੀ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਦਯੋਗਿਕ ਸਹਿਯੋਗ, ਤਕਨਾਲੋਜੀ ਤਬਾਦਲੇ ਅਤੇ ਟਰਾਂਸਲੇਸ਼ਨਲ ਖੋਜ ਨੂੰ ਵਧਾਉਣ ਲਈ ਸੁਝਾਅ ਮੰਗੇ। ਉਨ੍ਹਾਂ ਨੇ ਇਨਾਮ ਪ੍ਰਣਾਲੀ ਵਿੱਚ ਸੁਧਾਰ ਅਤੇ ਬਾਹਰੀ ਫੰਡਿੰਗ ਪ੍ਰਾਪਤ ਕਰਨ ਵਾਲੀ ਫੈਕਲਟੀ ਲਈ ਪ੍ਰੋਤਸਾਹਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਹੁਣ “ਪੇਪਰ ਪੇਟੈਂਟ” ਤੋਂ ਅੱਗੇ ਵਧ ਕੇ ਅਸਲ ਵਰਤੋਂ ਅਤੇ ਵਪਾਰੀਕਰਨ ‘ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ।

ਕੇਂਦਰੀ ਮੰਤਰੀ ਜੇ. ਪੀ. ਨੱਡਾ ਨੇ ਬਾਇਓਫਾਰਮਾਸਿਊਟੀਕਲਜ਼, API ਅਤੇ ਬਾਇਓਲੌਜਿਕਸ ਦੇ ਖੇਤਰ ਵਿੱਚ ਭਾਰਤ ਨੂੰ ਵਿਸ਼ਵ ਪੱਧਰ ‘ਤੇ ਮੋਹਰੀ ਬਣਾਉਣ ਦੀ ਸਰਕਾਰ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਨੇ ਨਾਈਪਰ ਮੋਹਾਲੀ ਵਿੱਚ ਖੋਜ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਸੰਸਥਾ ਵੱਲੋਂ ਤਿਆਰ ਕੀਤੇ ਗਏ ਪੇਸ਼ੇਵਰਾਂ ਦੀ ਸ਼ਲਾਘਾ ਕੀਤੀ। ਮੰਤਰੀ ਨੇ ਨਵੀਨਤਾ ਨੂੰ ਗਤੀ ਦੇਣ ਲਈ ਨਿਰੰਤਰ ਵਿੱਤੀ ਸਹਾਇਤਾ ਅਤੇ ਨੀਤੀਗਤ ਸੁਧਾਰਾਂ ਦਾ ਵਿਸ਼ਵਾਸ ਵੀ ਦਿਵਾਇਆ।

ਇਸ ਉਪਰੰਤ, ਦੁਪਹਿਰ ਸਮੇਂ ਕਨਵੈਨਸ਼ਨ ਸੈਂਟਰ ਦੇ ਫੋਅਰ ਵਿੱਚ ਲਗਾਈ ਗਈ ਇੱਕ ਤਕਨਾਲੋਜੀ ਪ੍ਰਦਰਸ਼ਨੀ ਦਾ ਮੰਤਰੀ ਜੀ ਨੇ ਨਿਰੀਖਣ ਕੀਤਾ, ਜਿੱਥੇ ਟਰਾਂਸਲੇਸ਼ਨਲ ਖੋਜ, ਪੇਟੈਂਟ ਅਤੇ ਕਲੀਨਿਕਲ ਟ੍ਰਾਇਲ ਨਾਲ ਸਬੰਧਤ ਪੋਸਟਰਾਂ ਅਤੇ ਪ੍ਰੋਟੋਟਾਈਪਾਂ ਨੂੰ ਦਰਸਾਇਆ ਗਿਆ ਸੀ।

ਮਾਣਯੋਗ ਮੰਤਰੀ ਨੇ ਸੰਸਥਾ ਵਿੱਚ ‘ਔਸ਼ਧੀ ਰਸੀਲੇ ਪੌਦਿਆਂ’ (ਮੈਡੀਸਨਲ ਸਕੂਲੈਂਟਸ) ਗਾਰਡਨ ਦਾ ਉਦਘਾਟਨ ਵੀ ਕੀਤਾ ਅਤੇ ਅਤਿ-ਆਧੁਨਿਕ ਖੋਜ ਸਹੂਲਤਾਂ ਦਾ ਦੌਰਾ ਕਰਦਿਆਂ ਵਿਦਿਆਰਥੀਆਂ ਅਤੇ ਖੋਜਕਾਰਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਇਹ ਦੌਰਾ ਫਾਰਮਾਸਿਊਟੀਕਲ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਭਾਰਤ ਸਰਕਾਰ ਦੀ ਮਜ਼ਬੂਤ ਪਹੁੰਚ ਦਾ ਪ੍ਰਤੀਕ ਹੈ।

Read More : PPCB ਦੀ ਕਾਰਵਾਈ ਵਿਰੁੱਧ ਟ੍ਰਾਈਡੈਂਟ ਗਰੁੱਪ ਪਹੁੰਚਿਆ ਹਾਈਕੋਰਟ; ਸੋਮਵਾਰ ਤੱਕ ਰਾਹਤ

Leave a Reply

Your email address will not be published. Required fields are marked *