ਸਬ-ਇੰਸਪੈਕਟਰ ਦਾ ਲੜਕਾ ਗੰਭੀਰ ਜ਼ਖਮੀ, ਪਟਿਆਲਾ ਰੈਫਰ
ਭਵਾਨੀਗੜ੍ਹ, 13 ਜੁਲਾਈ :-ਬੀਤੀ ਰਾਤ ਨੈਸ਼ਨਲ ਹਾਈਵੇਅ 7 ’ਤੇ ਫੱਗੂਵਾਲਾ ਕੈਂਚੀਆਂ ਵਿਖੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਸੰਗਰੂਰ ਵੱਲ ਜਾਂਦੇ ਸਮੇਂ ਇਕ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਉਹ ਫਲਾਈਓਵਰ ’ਤੇ ਪਲਟ ਗਈ। ਹਾਦਸੇ ’ਚ ਪੰਜਾਬ ਪੁਲਸ ਦੇ ਇਕ ਡੀ. ਐੱਸ. ਪੀ. ਦੇ ਨੌਜਵਾਨ ਪੁੱਤ ਦੀ ਦਰਦਨਾਕ ਮੌਤ ਹੋ ਗਈ, ਜਦੋਂ ਕਿ ਕਾਰ ਚਲਾ ਰਹੇ ਸਬ-ਇੰਸਪੈਕਟਰ ਦੇ ਪੁੱਤ ਨੂੰ ਗੰਭੀਰ ਸੱਟਾਂ ਲੱਗੀਆਂ। ਦੋਵੇਂ ਨੌਜਵਾਨ ਕਰੀਬੀ ਦੋਸਤ ਸਨ ਤੇ ਇਕੱਠੇ ਪੜ੍ਹਦੇ ਸਨ।
ਘਟਨਾ ਸਬੰਧੀ ਸੜਕ ਸੁਰੱਖਿਆ ਫੋਰਸ ਦੇ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਰਾਤ ਕਰੀਬ 1.30 ਵਜੇ ਉਨ੍ਹਾਂ ਦੀ ਟੀਮ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਫੱਗੂਵਾਲਾ ਕੈਂਚੀਆਂ ਵਿਖੇ ਸੰਗਰੂਰ ਵੱਲ ਜਾਂਦੀ ਇਕ ਹੁੰਡਈ ਕਾਰ ਸੰਤੁਲਨ ਗੁਆ ਕੇ ਫਲਾਈਓਵਰ ’ਤੇ ਪਲਟ ਗਈ। ਕਾਰ ਨੂੰ ਹਰਜੋਤ ਸਿੰਘ (23) ਪੁੱਤਰ ਰਾਜਿੰਦਰ ਪਾਲ ਸਿੰਘ ਚਲਾ ਰਿਹਾ ਸੀ, ਜਦੋਂ ਕਿ 22 ਸਾਲਾ ਏਕਮਵੀਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਟਿਆਲਾ ਡਰਾਈਵਰ ਦੇ ਨਾਲ ਵਾਲੀ ਸੀਟ ’ਤੇ ਬੈਠਾ ਸੀ ਕਿ ਅਚਾਨਕ ਕਾਰ ਬੇਕਾਬੂ ਹੋ ਗਈ ਤੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ।
ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਪਹੁੰਚੀ ਐੱਸ. ਐੱਸ. ਐੱਫ. ਟੀਮ ਨੇ ਲੋਕਾਂ ਦੀ ਮਦਦ ਨਾਲ ਕਾਰ ਅੰਦਰ ਫਸੇ ਦੋਵਾਂ ਨੌਜਵਾਨਾਂ ਨੂੰ ਬਾਹਰ ਕੱਢਿਆ ਅਤੇ ਐਂਬੂਲੈਂਸ ਦੀ ਮਦਦ ਨਾਲ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਏਕਮਵੀਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਹਰਜੋਤ ਸਿੰਘ ਨੂੰ ਗੰਭੀਰ ਹਾਲਤ ਕਾਰਨ ਪਟਿਆਲਾ ਰੈਫਰ ਕਰ ਦਿੱਤਾ ਗਿਆ। ਦੱਸ ਦੇਈਏ ਕਿ ਮ੍ਰਿਤਕ ਏਕਮਵੀਰ ਪਟਿਆਲਾ-1 ਦੇ ਡੀ. ਐੱਸ. ਪੀ. ਸਤਨਾਮ ਸਿੰਘ ਦਾ ਪੁੱਤ ਸੀ, ਜਦਕਿ ਹਾਦਸੇ ’ਚ ਗੰਭੀਰ ਜ਼ਖਮੀ ਹਰਜੋਤ ਸਿੰਘ ਦੇ ਪਿਤਾ ਪੰਜਾਬ ਪੁਲਸ ਵਿਚ ਸਬ-ਇੰਸਪੈਕਟਰ ਹਨ ਜੋ ਮੌਜੂਦਾ ਸਮੇਂ ਮੋਹਾਲੀ ਜ਼ਿਲੇ ਵਿਚ ਤਾਇਨਾਤ ਹਨ।
ਦੂਜੇ ਪਾਸੇ ਭਵਾਨੀਗੜ੍ਹ ਥਾਣੇ ਦੇ ਐੱਸ. ਐੱਚ. ਓ. ਮਾਲਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜਦੇ ਹੋਏ ਪੁਲਸ ਵੱਲੋਂ ਬੀ. ਐੱਨ. ਐੱਸ. 194 ਤਹਿਤ ਕਾਰਵਾਈ ਕੀਤੀ ਗਈ ਹੈ।
Read More : ਸ਼ਰਧਾਲੂਆਂ ਦੀ ਕਾਰ ਨਦੀ ‘ਚ ਡਿੱਗੀ, 2 ਦੀ ਮੌਤ