10 ਸਾਲਾ ਬੱਚਿਆ ਰੁੜ੍ਹਿਆ, ਬਚਾਅ ਕਾਰਜ ਜਾਰੀ
ਸ਼ਿਮਲਾ, 13 ਜੁਲਾਈ : ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਸ਼ਿਮਲਾ ਵਿਚ ਚੌਪਾਲ ਸਬ-ਡਵੀਜ਼ਨ ਵਿਚ ਸ਼ਰਧਾਲੂਆਂ ਦੀ ਇਕ ਕਾਰ ਨਦੀ ਵਿਚ ਡਿੱਗ ਗਈ। ਇਸ ਹਾਦਸੇ ਵਿਚ ਪੰਜਾਬ ਦੇ 2 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 2 ਗੰਭੀਰ ਜ਼ਖਮੀ ਹੋ ਗਏ, ਇਸ ਦੌਰਾਨ ਇਕ 10 ਸਾਲਾ ਬੱਚਾ ਨਦੀ ਵਿਚ ਰੁੜ੍ਹ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਅਤੇ ਜ਼ਖਮੀਆਂ ਨੂੰ ਬਾਹਰ ਕੱਢ ਕੇ ਨਰਵਾ ਹਸਪਤਾਲ ਲਿਆਂਦਾ ਗਿਆ। ਬਚਾਏ ਗਏ 2 ਲੋਕਾਂ ਦੀ ਹਾਲਤ ਗੰਭੀਰ ਹੈ।
ਜਾਣਕਾਰੀ ਅਨੁਸਾਰ ਬੀਤੀ ਸ਼ਾਮ 7 ਵਜੇ ਦੇ ਕਰੀਬ ਨੇਰਵਾ-ਫੇਦਰੀਜਪੁਲ ਮੁੱਖ ਸੜਕ ‘ਤੇ ਟੰਡੋਰੀ ਅਤੇ ਬਾਥਲ ਵਿਚਕਾਰ ਇਕ ਸਕਾਰਪੀਓ ਕਾਰ (ਨੰਬਰ-ਪੀ. ਬੀ.32ਜੀ.8768) ਸਾਲਵੀ ਨਦੀ ਵਿਚ ਡਿੱਗ ਗਈ। ਹਾਦਸੇ ਵਿਚ ਸ਼ਾਮਲ ਸਾਰੇ ਲੋਕ ਨਵਾਂਸ਼ਹਿਰ ਜ਼ਿਲੇ ਦੇ ਰਹਿਣ ਵਾਲੇ ਹਨ, ਜੋ ਕਿ ਇਕ ਸਤਿਸੰਗ ਸਮਾਗਮ ਵਿਚ ਸ਼ਾਮਲ ਹੋਣ ਲਈ ਸ਼ਿਮਲਾ ਆਏ ਸਨ।
ਡੀ. ਐੱਸ. ਪੀ. ਚੌਪਾਲ ਸੁਸ਼ਾਂਤ ਸ਼ਰਮਾ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। 2 ਲੋਕਾਂ ਨੂੰ ਬਚਾਅ ਕੇ ਨੇਰਵਾ ਹਸਪਤਾਲ ਭੇਜਿਆ ਗਿਆ ਹੈ। ਪੁਲਿਸ ਅਤੇ ਬਚਾਅ ਟੀਮਾਂ ਨਦੀ ਵਿਚ ਵਹਿ ਗਏ ਬੱਚੇ ਦੀ ਭਾਲ ਕਰ ਰਹੀਆਂ ਹਨ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
