ਰਾਘਵ ਚੱਢਾ ਨੇ ਚੇਅਰਮੈਨ ਨੂੰ ਸੌਂਪਿਆ ਰਲੇਵੇਂ ਦਾ ਦਸਤਾਵੇਜ਼
ਚੰਡੀਗੜ੍ਹ, 24 ਅਪ੍ਰੈਲ : ਆਮ ਆਦਮੀ ਪਾਰਟੀ (ਆਪ) ਲਈ ਅੱਜ ਦਾ ਦਿਨ ਸਿਆਸੀ ਤੌਰ ‘ਤੇ ਭਾਰੀ ਉਲਟਫੇਰ ਵਾਲਾ ਰਿਹਾ। ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਨੇ ਅੱਜ ਸਮੂਹਿਕ ਤੌਰ ‘ਤੇ ‘ਆਪ’ ਨਾਲੋਂ ਨਾਤਾ ਤੋੜ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਇਸ ਘਟਨਾਕ੍ਰਮ ਨੇ ਪੰਜਾਬ ਅਤੇ ਦਿੱਲੀ ਦੀ ਸਿਆਸਤ ਵਿੱਚ ਵੱਡਾ ਭੂਚਾਲ ਲਿਆ ਦਿੱਤਾ ਹੈ।
ਸੰਵਿਧਾਨਕ ਧਾਰਾਵਾਂ ਤਹਿਤ ਰਲੇਵਾਂ
ਰਾਘਵ ਚੱਢਾ ਨੇ ਅੱਜ ਸ਼ਾਮ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਭਾਰਤ ਦੇ ਸੰਵਿਧਾਨ ਦੀਆਂ ਧਾਰਾਵਾਂ ਦੀ ਵਰਤੋਂ ਕਰਦਿਆਂ, ਰਾਜ ਸਭਾ ਵਿਚ ‘ਆਪ’ ਦੇ ਦੋ-ਤਿਹਾਈ ਤੋਂ ਵੱਧ ਸੰਸਦ ਮੈਂਬਰ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ 7 ਸੰਸਦ ਮੈਂਬਰਾਂ ਨੇ ਇਸ ਰਲੇਵੇਂ ਦੇ ਦਸਤਾਵੇਜ਼ ’ਤੇ ਦਸਤਖਤ ਕੀਤੇ ਹਨ, ਜੋ ਅੱਜ ਰਾਜ ਸਭਾ ਦੇ ਮਾਣਯੋਗ ਚੇਅਰਮੈਨ ਨੂੰ ਸੌਂਪ ਦਿੱਤਾ ਗਿਆ ਹੈ। ਰਾਘਵ ਚੱਢਾ ਨੇ ਖੁਦ ਦੋ ਹੋਰ ਸੰਸਦ ਮੈਂਬਰਾਂ ਦੇ ਨਾਲ ਮਿਲ ਕੇ ਇਹ ਦਸਤਾਵੇਜ਼ ਚੇਅਰਮੈਨ ਨੂੰ ਸੌਂਪੇ।
ਕੌਣ-ਕੌਣ ਹੋਇਆ ਸ਼ਾਮਲ?
ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਮੈਂਬਰਾਂ ਵਿੱਚ ਰਾਘਵ ਚੱਢਾ, ਸੰਦੀਪ ਪਾਠਕ, ਡਾ. ਅਸ਼ੋਕ ਮਿੱਤਲ, ਕ੍ਰਿਕਟਰ ਹਰਭਜਨ ਸਿੰਘ, ਵਿਕਰਮਜੀਤ ਸਿੰਘ ਸਾਹਨੀ, ਰਾਜਿੰਦਰ ਗੁਪਤਾ ਅਤੇ ਸਵਾਤੀ ਮਾਲੀਵਾਲ ਸ਼ਾਮਲ ਹਨ।
ਦਲਬਦਲ ਕਾਨੂੰਨ ਤੋਂ ਬਚਾਅ
ਰਾਘਵ ਚੱਢਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸੰਵਿਧਾਨ ਦੀ ਦਸਵੀਂ ਅਨੁਸੂਚੀ ਅਨੁਸਾਰ ਜੇਕਰ ਕਿਸੇ ਪਾਰਟੀ ਦੇ ਦੋ-ਤਿਹਾਈ (2/3) ਮੈਂਬਰ ਕਿਸੇ ਦੂਜੀ ਪਾਰਟੀ ਵਿੱਚ ਰਲੇਵਾਂ ਕਰਦੇ ਹਨ, ਤਾਂ ਉਨ੍ਹਾਂ ’ਤੇ ਦਲਬਦਲ ਕਾਨੂੰਨ ਲਾਗੂ ਨਹੀਂ ਹੁੰਦਾ। ਇਸੇ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕਰਦਿਆਂ ਇਹ ਰਲੇਵਾਂ ਕੀਤਾ ਗਿਆ ਹੈ।
ਭਾਜਪਾ ਨੇ ਕੀਤਾ ਸਵਾਗਤ
ਰਾਘਵ ਚੱਢਾ, ਸੰਦੀਪ ਪਾਠਕ ਅਤੇ ਡਾ. ਅਸ਼ੋਕ ਮਿੱਤਲ ਭਾਜਪਾ ਦਫ਼ਤਰ ਪਹੁੰਚੇ, ਜਿੱਥੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਵੀ ਮੌਜੂਦ ਸਨ।
ਆਮ ਆਦਮੀ ਪਾਰਟੀ ਦਾ ਪ੍ਰਤੀਕਰਮ
ਦੂਜੇ ਪਾਸੇ, ਆਮ ਆਦਮੀ ਪਾਰਟੀ ਨੇ ਇਸ ਘਟਨਾ ਨੂੰ ਭਾਜਪਾ ਦੀ ‘ਆਪਰੇਸ਼ਨ ਲੋਟਸ’ ਦੀ ਚਾਲ ਕਰਾਰ ਦਿੱਤਾ ਹੈ। ਪਾਰਟੀ ਆਗੂਆਂ ਨੇ ਇਨ੍ਹਾਂ ਮੈਂਬਰਾਂ ਨੂੰ ‘ਗੱਦਾਰ’ ਦੱਸਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਪਾਰਟੀ ਨੇ ਇੰਨਾ ਮਾਣ-ਸਤਿਕਾਰ ਦਿੱਤਾ, ਉਨ੍ਹਾਂ ਨੇ ਭਾਜਪਾ ਦੇ ਦਬਾਅ ਹੇਠ ਲੋਕਾਂ ਦੇ ਫ਼ਤਵੇ ਦਾ ਅਪਮਾਨ ਕੀਤਾ ਹੈ।
Read More : ਕੈਨੇਡਾ ਵਿਚ 24 ਸਾਲਾ ਪੰਜਾਬਣ ਦੀ ਭੇਦਭਰੇ ਹਾਲਾਤਾਂ ‘ਚ ਮੌਤ
