ਜਲਾਲਾਬਾਦ, 23 ਸਤੰਬਰ : ਸ਼ਹਿਰ ਜਲਾਲਾਬਾਦ ਦੇ ਪਿੰਡ ਟਿਵਾਣਾ ਕਲਾਂ ਮੋੜ ’ਤੇ ਸਥਿਤ ਜੀ. ਐੱਸ. ਟਰੇਡਿੰਗ ਕੰਪਨੀ ਵਿਖੇ ਬਾਰਦਾਨਾ ਛੱਡਣ ਲਈ ਆਏ ਟਰੱਕ ਚਾਲਕ ਦੀ ਹਾਈਵੋਲਟੇਜ਼ ਨੀਵੀਆਂ ਤਾਰਾਂ ਦੀ ਲਪੇਟ ’ਚ ਆਉਣ ਨਾਲ ਮੌਤ ਹੋ ਗਈ ਹੈ।
ਮ੍ਰਿਤਕ ਟਰੱਕ ਚਾਲਕ ਰੌਸ਼ਨ ਮੁਹੰਮਦ ਪੁੱਤਰ ਰੌਣਕੀ ਮੁਹੰਮਦ ਦੇ ਭਰਾ ਗੁਲਜਾਰ ਮੁਹੰਮਦ ਵਾਸੀ ਬਾਗਵਾਲਾ ਬੇਰਸਨ ਤਹਿਸੀਲ ਬੱਦੀ ਹਿਮਾਚਲ ਪ੍ਰਦੇਸ ਨੇ ਦੱਸਿਆ ਕਿ ਮੇਰਾ ਛੋਟਾ ਭਰਾ 21 ਸਤੰਬਰ ਨੂੰ ਆਪਣੇ ਟਰੱਕ ’ਤੇ ਨਾਲਾਗੜ ਤੋਂ ਬਾਰਦਾਨਾ ਲੋਡ ਕਰ ਕੇ ਜੀ. ਐੱਸ. ਟਰੇਡਿੰਗ ਕੰਪਨੀ ਟਿਵਾਣਾ ਮੌੜ ਜਲਾਲਾਬਾਦ ਵਿਖੇ ਖਾਲੀ ਕਰਨ ਲਈ 22 ਸਤੰਬਰ ਨੂੰ ਕਰੀਬ ਸਾਢੇ 5 ਵਜੇ ਪੁੱਜਾ ਅਤੇ ਮੈਨੂੰ ਉਸ ਦਾ ਫੋਨ ਆਇਆ ਕਿ ਮੈਂ ਸਹੀ-ਸਲਾਮਤ ਜਲਾਲਾਬਾਦ ਪਹੁੰਚ ਗਿਆ ਹਾਂ ਅਤੇ ਕੁਝ ਦੇਰ ਬਾਅਦ ਉਨ੍ਹਾਂ ਨੂੰ ਦੁਕਾਨ ’ਤੇ ਲੇਬਰ ਕਰਦੇ ਵਿਅਕਤੀ ਦਾ ਫੋਨ ਆਇਆ ਕਿ ਟਰੱਕ ਤੋਂ ਤ੍ਰਿਪਾਲ ਉਤਾਰਨ ਸਮੇਂ ਤੁਹਾਡੇ ਭਰਾ ਨੂੰ ਬਿਜਲੀ ਦਾ ਕਰੰਟ ਲੱਗ ਗਿਆ ਹੈ।
ਇਸ ਤੋਂ ਬਾਅਦ ਇਲਾਜ ਲਈ ਜਲਾਲਬਾਦ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ, ਜਿਥੇ ਕਿ ਉਸ ਦੀ ਮੌਤ ਹੋ ਗਈ ਹੈ। ਇਸ ਘਟਨਾ ਨੂੰ ਲੈ ਕੇ ਮ੍ਰਿਤਕ ਦੇ ਭਰਾ ਨੇ ਜਲਾਲਾਬਾਦ ਇੰਡਸਟਰੀਆਂ ਦੇ ਏਰੀਆ ਦੇ ਬਿਜਲੀ ਮੁਲਾਜ਼ਮਾਂ ਨੂੰ ਨੀਵੀਆਂ ਤਾਰਾਂ ਲਈ ਜ਼ਿੰਮੇਵਾਰ ਠਹਿਰਾਉਂਦੇ ਅਣਗਹਿਲੀ ਦੇ ਕਾਰਨ ਮੌਤ ਦਾ ਕਾਰਨ ਦੱਸਿਆ ਹੈ।
ਮ੍ਰਿਤਕ ਟਰੱਕ ਡਰਾਈਵਰ ਦੇ ਭਰਾ ਨੇ ਕਿਹਾ ਕਿ ਮੇਰੇ ਭਰਾ ਦਾ ਗੁਜ਼ਾਰਾ ਟਰੱਕ ਦੇ ਭਾੜੇ ਸਹਾਰੇ ਚੱਲਦਾ ਸੀ ਅਤੇ ਉਸ ਦੇ ਘਰ ’ਚ 2 ਬੇਟੇ, 1 ਬੇਟੀ ਸਮੇਤ ਘਰਵਾਲੀ ਤੇ ਬੁੱਢੇ ਮਾਤਾ-ਪਿਤਾ ’ਤੇ ਦੁੱਖਾ ਦਾ ਪਹਾੜ ਟੁੱਟ ਚੁੱਕਿਆ ਹੈ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੇ ਸਮਾਜਸੇਵੀ ਸੰਸਥਾਵਾਂ ਪਾਸੋਂ ਮਾਲੀ ਮਦਦ ਦੀ ਮੰਗ ਕੀਤੀ ਹੈ।
ਇਸ ਮਾਮਲੇ ਸਬੰਧੀ ਥਾਣਾ ਸਿਟੀ ਜਲਾਲਾਬਾਦ ਦੇ ਜਾਂਚ ਅਧਿਕਾਰੀ ਸਤਪਾਲ ਸਿੰਘ ਨੇ ਕਿਹਾ ਕਿ ਮ੍ਰਿਤਕ ਟਰੱਕ ਡਰਾਈਵਰ ਰੌਸ਼ਨ ਮੁਹੰਮਦ ਦੇ ਭਰਾ ਗੁਲਜ਼ਾਰ ਮੁਹੰਮਦ ਦੇ ਬਿਆਨਾਂ ’ਤੇ ਪੁਲਸ ਵੱਲੋਂ ਕਾਨੂੰਨੀ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ।
ਉਕਤ ਮਾਮਲੇ ਸਬੰਧੀ ਜਲਾਲਾਬਾਦ ਪਾਵਰਕਾਮ ਦੇ ਸੀਨੀਅਰ ਐਕਸੀਅਨ ਨਵਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੌਕੇ ’ਤੇ ਜਾਂਚ ਕੀਤੀ ਜਾਵੇਗੀ, ਜੇਕਰ ਇਸ ਮਾਮਲੇ ’ਚ ਮੁਲਾਜ਼ਮਾਂ ਦੀ ਅਣਗਹਿਲੀ ਸਾਹਮਣੇ ਆਉਂਦੀ ਹੈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Read More : ਸ਼ਹੀਦੀ ਨਗਰ ਕੀਰਤਨ ਗੋਂਦੀਆ ਮਹਾਰਾਸ਼ਟਰ ਤੋਂ ਨਾਗਪੁਰ ਲਈ ਰਵਾਨਾ