ਟਰੱਕ-ਮੋਟਰਸਾਈਕਲ ਟੱਕਰ ’ਚ ਗਰਭਵਤੀ ਔਰਤ ਅਤੇ 3 ਸਾਲਾ ਬੱਚੀ ਦੀ ਮੌਤ
ਗੁਰਦਾਸਪੁਰ, 21 ਅਕਤੂਬਰ : ਜ਼ਿਲਾ ਗੁਰਦਾਸਪੁਰ ਸ਼ਹਿਰ ਕੋਲ ਬਰਨਾਲਾ ਪੁਲੀ ਨੇੜੇ ਅੱਜ ਦੀਵਾਲੀ ਵਾਲੇ ਦਿਨ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ਦੌਰਾਨ ਇਕ ਟਰੱਕ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ। ਇਸ ਹਾਦਸੇ ’ਚ ਇਕ ਗਰਭਵਤੀ ਔਰਤ ਅਤੇ ਇਕ ਤਿੰਨ ਸਾਲ ਦੀ ਬੱਚੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਮੋਟਰਸਾਈਕਲ ਸਵਾਰ ਨੌਜਵਾਨ ਵਾਲ-ਵਾਲ ਬਚਿਆ।
ਇਹ ਹਾਦਸਾ ਇੰਨਾ ਭਿਆਨਕ ਸੀ ਕਿ ਔਰਤ ਅਤੇ ਬੱਚੀ ਬੁਰੀ ਤਰ੍ਹਾਂ ਕੁਚਲੀਆਂ ਗਈਆਂ। ਇਸ ਦੌਰਾਨ ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਬਰਨਾਲਾ ਪੁਲੀ ਤੋਂ ਹੱਲਾ ਨੂੰ ਜਾਂਦੀ ਸੜਕ ’ਤੇ ਮਨੂੰ ਕਲੋਤਰਾ ਪੁੱਤਰ ਸ਼ਵਿੰਦਰਪਾਲ ਵਾਸੀ ਹਰਦੋਬਥਵਾਲਾ ਆਪਣੀ ਸਾਲੀ ਕਾਜਲ ਪਤਨੀ ਅਰੁਣ ਵਾਸੀ ਅਵਾਂਖਾ ਨੂੰ ਲੈ ਕੇ ਆ ਰਿਹਾ ਸੀ। ਉਨ੍ਹਾਂ ਦੇ ਨਾਲ ਤਿੰਨ ਸਾਲ ਦੀ ਬੱਚੀ ਪ੍ਰਿੰਸੀ ਵੀ ਸੀ।
ਇਸ ਦੌਰਾਨ ਸਾਹਮਣੇ ਤੋਂ ਆ ਰਹੇ ਇਕ ਟਰੱਕ ਦੀ ਉਨ੍ਹਾਂ ਦੇ ਮੋਟਰਸਾਈਕਲ ਨਾਲ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ ਕਾਜਲ ਅਤੇ ਬੱਚੀ ਪ੍ਰਿੰਸੀ ਟਰੱਕ ਦੇ ਟਾਇਰਾਂ ਹੇਠਾਂ ਆ ਗਈਆਂ ਅਤੇ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੇ ਵਾਰਿਸਾਂ ਦੇ ਬਿਆਨਾਂ ਦੇ ਆਧਾਰ ’ਤੇ ਟਰੱਕ ਡਰਾਈਵਰ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Read More : ਦੀਵਾਲੀ ਮੌਕੇ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਤੋਹਫ਼ਾ