ਧੁੰਦ ਕਾਰਨ ਡਿਵਾਈਡਰ ਨਾਲ ਟਕਰਾਈ ਫਾਰਚੂਨਰ
ਬਠਿੰਡਾ,17 ਜਨਵਰੀ : ਬਠਿੰਡਾ-ਡੱਬਵਾਲੀ ਰਾਸ਼ਟਰੀ ਰਾਜਮਾਰਗ ’ਤੇ ਸ਼ਨੀਵਾਰ ਸਵੇਰੇ ਸੰਘਣੀ ਧੁੰਦ ਕਾਰਨ ਇਕ ਤੇਜ਼ ਰਫਤਾਰ ਫਾਰਚੂਨਰ ਡਿਵਾਈਡਰ ਨਾਲ ਟਕਰਾ ਗਈ। ਹਾਦਸੇ ’ਚ ਗੁਜਰਾਤ ਪੁਲਸ ਦੀ ਇਕ ਮਹਿਲਾ ਅਧਿਕਾਰੀ ਸਮੇਤ ਪੰਜ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਾਰੇ ਲੋਕ ਫਾਰਚੂਨਰ ਗੱਡੀ ’ਚ ਬਠਿੰਡਾ ਤੋਂ ਗੁਜਰਾਤ ਜਾ ਰਹੇ ਸਨ।
ਜਾਣਕਾਰੀ ਅਨੁਸਾਰ ਗੁਜਰਾਤ ਪੁਲਸ ’ਚ ਤਾਇਨਾਤ ਇਕ ਮਹਿਲਾ ਪੁਲਸ ਅਧਿਕਾਰੀ ਅਮਿਤਾ ਆਪਣੇ ਚਾਰ ਦੋਸਤਾਂ ਅੰਕੁਸ਼, ਭਰਤ, ਚੇਤਨ ਅਤੇ ਸਤੀਸ਼ ਵਾਸੀ ਗੁਜਰਾਤ ਨਾਲ ਫਾਰਚੂਨਰ ’ਚ ਯਾਤਰਾ ਕਰ ਰਹੇ ਸਨ। ਸਾਰੇ ਲੋਕ ਗੁਜਰਾਤ ਤੋਂ ਪੰਜਾਬ ਘੁੰਮਣ ਆਏ ਸਨ ਅਤੇ ਵਾਪਸ ਗੁਜਰਾਤ ਜਾ ਰਹੇ ਸਨ। ਜਿਵੇਂ ਹੀ ਫਾਰਚੂਨਰ ਗੱਡੀ ਪਿੰਡ ਗੁਰਥੜੀ ਨੇੜੇ ਹਾਈਵੇਅ ’ਤੇ ਪਹੁੰਚੀ ਤਾਂ ਤੇਜ਼ ਰਫਤਾਰ ਕਾਰਨ ਗੱਡੀ ਨੇ ਕੰਟਰੋਲ ਗੁਆ ਦਿੱਤਾ ਅਤੇ ਡਿਵਾਈਡਰ ਨਾਲ ਟਕਰਾ ਗਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਦੇ ਪਰਖੱਚੇ ਉੱਡ ਗਏ ਅਤੇ ਪੰਜਾਂ ਸਵਾਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਟ੍ਰੈਫਿਕ ਨੂੰ ਕੰਟਰੋਲ ਕੀਤਾ ਗਿਆ। ਐੱਸ. ਪੀ. ਸਿਟੀ ਨਰਿੰਦਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਫਾਰਚੂਨਰ ਗੱਡੀ ’ਚ ਸਵਾਰ ਸਾਰੇ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਲਿਜਾਇਆ ਜਾ ਰਿਹਾ ਹੈ।
ਬਾਅਦ ’ਚ ਪੁਲਸ ਨੇ ਕਰੇਨ ਦੀ ਮਦਦ ਨਾਲ ਹਦਸਾਗ੍ਰਸਤ ਫਾਰਚੂਨਰ ਨੂੰ ਸੜਕ ਤੋਂ ਹਟਾ ਕੇ ਰਸਤਾ ਸਾਫ ਕਰਵਾਇਆ। ਐੱਸ. ਪੀ. ਸਿਟੀ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੁੱਢਲੀ ਜਾਂਚ ’ਚ ਹਾਦਸੇ ਦਾ ਕਾਰਨ ਤੇਜ਼ ਰਫਤਾਰ ਦੱਸੀ ਗਈ ਹੈ। ਹਾਲਾਂਕਿ ਪੁਲਸ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੁਖਦਾਈ ਹਾਦਸੇ ਨੇ ਇਲਾਕੇ ’ਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ
Read More : ਕਾਰ ਨੂੰ ਲੱਗੀ ਅੱਗ, ਮਾਂ-ਧੀ ਜ਼ਿੰਦਾ ਸੜੀਆ
