ਈਮੇਲ ’ਚ ਲਿਖਿਆ : ਧਮਾਕੇ @ 2:11 ਪੀ. ਐੱਮ.
ਅਚਾਨਕ ਛੁੱਟੀ ਦਾ ਐਲਾਨ ਹੋਣ ਨਾਲ ਮਾਪਿਆਂ ਤੋਂ ਲੈ ਕੇ ਬੱਚਿਆਂ ’ਚ ਹਫੜਾ-ਦਫੜੀ
ਜਲੰਧਰ, 15 ਦਸੰਬਰ : ਸੋਮਵਾਰ ਸਵੇਰੇ ਜਲੰਧਰ ਦੇ ਵੱਖ-ਵੱਖ 10 ਪ੍ਰਾਈਵੇਟ ਸਕੂਲਾਂ ਨੂੰ ਈਮੇਲ ਜ਼ਰੀਏ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਕੁਝ ਸਕੂਲ ਪ੍ਰਬੰਧਕਾਂ ਨੂੰ ਧਮਕੀ ਭਰੇ ਆਡੀਓ ਮੈਸੇਜ ਵੀ ਭੇਜੇ ਗਏ। ਇਸਦੇ ਤੁਰੰਤ ਸਕੂਲ ਪ੍ਰਬੰਧਕਾਂ ਨੇ ਲਾਈਟਾਂ ਬੰਦ ਕਰ ਦਿੱਤੀਆਂ ਅਤੇ ਬੱਚਿਆਂ ਨੂੰ ਬੈਗ ਪੈਕ ਕਰ ਕੇ ਤੁਰੰਤ ਕਲਾਸ ਰੂਮਜ਼ ਵਿਚੋਂ ਬਾਹਰ ਆਉਣ ਲਈ ਕਿਹਾ।
ਸਕੂਲਾਂ ਵਿਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ, ਜਿਉਂ ਹੀ ਛੁੱਟੀ ਦਾ ਮੈਸੇਜ ਮਾਪਿਆਂ ਨੂੰ ਮਿਲਿਆ ਤਾਂ ਹਫੜਾ-ਦਫੜੀ ਮਚ ਗਈ। ਢਾਈ ਵਜੇ ਦੀ ਜਗ੍ਹਾ 11 ਵਜੇ ਹੀ ਸਕੂਲ ਕੈਂਪਸਾਂ ਵਿਚ ਬੱਚਿਆਂ ਲਈ ਬੱਸਾਂ ਖੜ੍ਹੀਆਂ ਕਰ ਦਿੱਤੀਆਂ ਗਈਆਂ।
ਸਕੂਲ ਪ੍ਰਬੰਧਕਾਂ ਨੇ ਤੁਰੰਤ ਪੁਲਸ ਪ੍ਰਸ਼ਾਸਨ ਨੂੰ ਈਮੇਲ ਬਾਰੇ ਸੂਚਿਤ ਕੀਤਾ, ਜਿਸ ਤੋਂ ਬਾਅਦ ਜਿਹੜੇ-ਜਿਹੜੇ ਸਕੂਲਾਂ ਤੋਂ ਪੁਲਸ ਨੂੰ ਫੋਨ ਆਏ, ਉਨ੍ਹਾਂ ਸਾਰੇ ਸਕੂਲਾਂ ਵੱਲ ਪੁਲਸ ਫੋਰਸ ਰਵਾਨਾ ਕਰ ਦਿੱਤੀ ਗਈ।
ਪੁਲਸ ਨੇ ਸਕੂਲਾਂ ਵੱਲ ਜਾਣ ਵਾਲੇ ਰਸਤੇ ਖਾਲੀ ਕਰਵਾਉਣੇ ਸ਼ੁਰੂ ਕਰ ਦਿੱਤੇ ਅਤੇ ਜਲਦ ਤੋਂ ਜਲਦ ਬੱਚਿਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਡਾਗ ਸਕੁਐਡ ਦੀਆਂ ਟੀਮਾਂ ਨੇ ਸਕੂਲਾਂ ਦੇ ਕਲਾਸ ਰੂਮਜ਼, ਪਾਰਕਿੰਗ ਏਰੀਆ, ਡਸਟਬਿਨ, ਬੂਟੇ, ਕੰਟੀਨ ਆਦਿ ਸਭ ਚੈੱਕ ਕੀਤਾ ਪਰ ਕੋਈ ਸ਼ੱਕੀ ਚੀਜ਼ ਨਹੀਂ ਮਿਲੀ।
ਜਿਹੜੇ ਸਕੂਲਾਂ ਨੂੰ ਧਮਕੀ ਦਿੱਤੀ ਗਈ, ਉਨ੍ਹਾਂ ਵਿਚ ਕੇ. ਐੱਮ. ਵੀ. ਸਕੂਲ, ਆਈ. ਵੀ. ਵਾਈ. ਵਰਲਡ, ਸ਼ਿਵ ਜੋਤੀ, ਸੇਂਟ ਜੋਸਫ ਕਾਨਵੈਂਟ ਸਕੂਲ ਆਦਿ ਸ਼ਾਮਲ ਹਨ। ਕੁਝ ਬੱਚਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬੰਬ ਬਾਰੇ ਕੁਝ ਨਹੀਂ ਦੱਸਿਆ ਗਿਆ ਸੀ। ਉਨ੍ਹਾਂ ਨੂੰ ਕਿਹਾ ਗਿਆ ਕਿ ਬਿਜਲੀ ਸਪਲਾਈ ਵਿਚ ਕੁਝ ਦਿੱਕਤ ਹੈ।

ਮਾਪਿਆਂ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਸਕੂਲ ਦੇ ਵ੍ਹਟਸਐਪ ਗਰੁੱਪਾਂ, ਕਾਲਿੰਗ ਆਦਿ ਜ਼ਰੀਏ ਛੁੱਟੀ ਬਾਰੇ ਦੱਸਿਆ ਗਿਆ ਪਰ ਕੁਝ ਕਲੀਅਰ ਨਹੀਂ ਕੀਤਾ ਗਿਆ। ਪੂਰੀ ਸਰਚ ਖਤਮ ਹੋਣ ਦੇ ਬਾਅਦ ਡੀ. ਸੀ. ਹਿਮਾਂਸ਼ੂ ਅਗਰਵਾਲ ਅਤੇ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਜਿਸ ਤਰ੍ਹਾਂ ਨਾਲ ਈਮੇਲ ਲਿਖੀ ਗਈ ਹੈ, ਉਹ ਦੇਖਣ ਤੋਂ ਹੀ ਲੱਗਦਾ ਹੈ ਕਿ ਮਾਹੌਲ ਖਰਾਬ ਕਰਨ ਲਈ ਅਜਿਹੇ ਈਮੇਲ ਭੇਜੇ ਗਏ ਹਨ।
ਉਨ੍ਹਾਂ ਲੋਕਾਂ ਨੂੰ ਪੈਨਿਕ ਨਾ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀਆਂ ਜਾਂਚ ਟੀਮਾਂ ਨੂੰ ਸਰਚ ਵਿਚੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ। ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਸਕੂਲ ਪ੍ਰਬੰਧਕਾਂ ਨੂੰ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ। ਸਾਈਬਰ ਸੈੱਲ ਵਿਚ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ।
Read More : ਮੁੱਖ ਮੰਤਰੀ ਮਾਨ ਵੱਲੋਂ ਅਧਿਕਾਰੀਆਂ ਨੂੰ ਸ਼ਹੀਦੀ ਸਭਾ ਲਈ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼
