ਕਾਰ ’ਚ ਇੱਕੋ ਪਰਿਵਾਰ ਦੇ 11 ਮੈਂਬਰ ਸੀ ਸਵਾਰ
ਰਾਹਗੀਰਾਂ ਅਤੇ ਪੁਲਸ ਮੁਲਜ਼ਮਾਂ ਨੇ ਲੋਕਾਂ ਨੂੰ ਨਹਿਰ ’ਚੋਂ ਕੱਢਿਆ
ਬਠਿੰਡਾ, 23 ਜੁਲਾਈ :-ਬੁੱਧਵਾਰ ਸਰਹਿੰਦ ਨਹਿਰ ਦੇ ਬੀੜ ਬਹਿਮਣ ਪੁਲ ਨੇੜੇ ਇਕ ਕਾਰ ਸੰਤੁਲਨ ਗੁਆ ਕੇ ਨਹਿਰ ਵਿਚ ਡਿੱਗ ਗਈ। ਕਾਰ ਵਿਚ ਇੱਕੋ ਪਰਿਵਾਰ ਦੇ 5 ਬੱਚਿਆਂ ਸਮੇਤ 11 ਲੋਕ ਸਵਾਰ ਸਨ, ਜਿਨ੍ਹਾਂ ਨੂੰ ਕੁਝ ਰਾਹਗੀਰਾਂ, ਪੁਲਸ ਅਧਿਕਾਰੀਆਂ ਅਤੇ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਵਰਕਰਾਂ ਨੇ ਨਹਿਰ ’ਚੋਂ ਸੁਰੱਖਿਅਤ ਬਚਾ ਕੇ ਹਸਪਤਾਲ ਪਹੁੰਚਾਇਆ।
ਹਸਪਤਾਲ ਵਿਚ ਸਿਰਫ ਇਕ ਬੱਚੇ ਨੂੰ ਡਾਕਟਰਾਂ ਵੱਲੋਂ ਕੁਝ ਸਮੇਂ ਲਈ ਨਿਗਰਾਨੀ ਹੇਠ ਰੱਖਿਆ ਗਿਆ ਹੈ, ਜਦੋਂ ਕਿ ਬਾਕੀ ਸਾਰਿਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਸਵੇਰੇ 8 ਵਜੇ ਦੇ ਕਰੀਬ ਵਾਪਰੀ ਉਪਰੋਕਤ ਘਟਨਾ ਤੋਂ ਤੁਰੰਤ ਬਾਅਦ, ਰਾਹਗੀਰਾਂ, ਕਾਂਵੜ ਸੰਘ ਮੈਂਬਰ ਕ੍ਰਿਸ਼ਨਾ ਅਤੇ ਮੁਲਤਾਨੀਆ ਰੋਡ ਵਾਸੀ ਗੁਲਾਬ ਸਿੰਘ, ਜੋ ਨਹਿਰ ਦੀ ਪਟੜੀ ਤੋਂ ਲੰਘ ਰਹੇ ਸਨ, ਨੇ ਨਹਿਰ ਵਿਚ ਛਾਲ ਮਾਰ ਦਿੱਤੀ ਅਤੇ ਕਈ ਲੋਕਾਂ ਨੂੰ ਬਚਾਇਆ।
ਇਸ ਦੌਰਾਨ ਪੀ. ਸੀ. ਆਰ. ਮੌਕੇ ’ਤੇ ਪਹੁੰਚ ਗਈ। ਕਰਮਚਾਰੀ ਜਸਵੰਤ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਨਹਿਰ ’ਚ ਛਾਲ ਮਾਰ ਦਿੱਤੀ ਅਤੇ ਕਾਰ ’ਚ ਫਸੇ ਲੋਕਾਂ ਨੂੰ ਕੱਢਣ ’ਚ ਮਦਦ ਕੀਤੀ, ਜਦੋਂ ਕਿ ਨੌਜਵਾਨ ਵੈੱਲਫੇਅਰ ਸੋਸਾਇਟੀ ਮੈਂਬਰ ਸਾਰੇ ਲੋਕਾਂ ਨੂੰ ਸਿਵਲ ਹਸਪਤਾਲ ਲੈ ਗਏ। ਕਾਰ ’ਚ ਸਵਾਰ ਲੋਕ ਇੱਕੋ ਪਰਿਵਾਰ ਦੇ ਮੈਂਬਰ ਸਨ ਅਤੇ ਇਕ ਮਹਿਲਾ ਮੈਂਬਰ ਨੂੰ ਉਸ ਦੀ ਨੌਕਰੀ ’ਤੇ ਛੱਡਣ ਜਾ ਰਹੇ ਸਨ।
ਜੀਵਨ ਸਿੰਘ ਨਗਰ ਬੀੜ ਤਾਲਾਬ ਦਾ ਰਹਿਣ ਵਾਲਾ ਇਹ ਪਰਿਵਾਰ ਆਪਣੇ ਘਰ ਤੋਂ ਥੋੜ੍ਹੀ ਦੂਰੀ ’ਤੇ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ। ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬਾਅਦ ’ਚ ਕਰੇਨ ਦੀ ਮਦਦ ਨਾਲ ਕਾਰ ਨੂੰ ਨਹਿਰ ’ਚੋਂ ਬਾਹਰ ਕੱਢਿਆ ਗਿਆ। ਕਾਰ ’ਚ ਸਵਾਰ ਲੋਕਾਂ ਦੀ ਪਛਾਣ ਰਮੇਸ਼ ਕੁਮਾਰ (51), ਸੀਤਾ (50), ਨਵੂ ਕੁਮਾਰ (31), ਕਾਜਲ (30), ਵਿਸ਼ਾਲ (29), ਨਵਸਰਗੁਣ (5), ਹਰਲੀਨ (1), ਨਵਨੀਤ (9), ਅਰਨਵ (ਡੇਢ ਸਾਲ), ਨਵੀਸ਼ਮਾਨ (8) ਆਦਿ ਸਾਰੇ ਵਾਸੀ ਜੀਵਨ ਸਿੰਘ ਨਗਰ ਬੀੜ ਤਲਾਬ ਬਠਿੰਡਾ ਵਜੋਂ ਹੋਈ ਹੈ।
Read More : ਜੀਵਨਜੋਤ ਪ੍ਰੋਜੈਕਟ ਤਹਿਤ 20 ਹੋਰ ਬੱਚਿਆਂ ਨੂੰ ਬਚਾਇਆ : ਡਾ. ਬਲਜੀਤ ਕੌਰ