ਬੇਅਦਬੀ ਵਿਰੋਧੀ ਬਿੱਲ ਨੂੰ ਰਾਜਪਾਲ ਦੀ ਮਨਜ਼ੂਰੀ ਮਿਲਣ ਮਗਰੋਂ ਖਤਮ ਕੀਤਾ ਧਰਨਾ
ਫੌਜ ਅਤੇ ਪ੍ਰਸ਼ਾਸਨ ਨੇ ਸਾਂਝੇ ਅਪਰੇਸ਼ਨ ਰਾਹੀਂ 30 ਮਿੰਟਾਂ ‘ਚ ਨੇਪਰੇ ਚਾੜ੍ਹਿਆ ਬਚਾਅ ਕਾਰਜ
ਪਟਿਆਲਾ, 25 ਅਪ੍ਰੈਲ : ਪਿਛਲੇ 560 ਦਿਨਾਂ ਤੋਂ ਪਟਿਆਲਾ ਦੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਸਥਿਤ 400 ਫੁੱਟ ਉੱਚੇ ਬੀ.ਐਸ.ਐਨ.ਐਲ. (BSNL) ਟਾਵਰ ‘ਤੇ ਬੈਠ ਕੇ ਪ੍ਰਦਰਸ਼ਨ ਕਰ ਰਹੇ ਗੁਰਜੀਤ ਸਿੰਘ ਖਾਲਸਾ (43) ਅੱਜ ਸੁਰੱਖਿਅਤ ਹੇਠਾਂ ਉਤਰ ਆਏ ਹਨ। ਭਾਰਤੀ ਫ਼ੌਜ ਅਤੇ ਸਥਾਨਕ ਪ੍ਰਸ਼ਾਸਨ ਦੇ ਸਾਂਝੇ ਅਤੇ ਤੁਰੰਤ ਅਪਰੇਸ਼ਨ ਰਾਹੀਂ ਉਨ੍ਹਾਂ ਨੂੰ ਸੁਰੱਖਿਅਤ ਹੇਠਾਂ ਉਤਾਰਿਆ ਗਿਆ।
ਇਸ ਸਾਂਝੇ ਅਪਰੇਸ਼ਨ ਨੂੰ ਫ਼ੌਜ ਅਤੇ ਪੁਲਿਸ ਦੀਆਂ ਵਾਧੂ ਟੀਮਾਂ ਦੀ ਨਿਗਰਾਨੀ ਹੇਠ ਅੰਜਾਮ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮੌਸਮ ਸਾਫ਼ ਹੋਣ ਅਤੇ ਹਵਾ ਦੀ ਰਫ਼ਤਾਰ ਅਨੁਕੂਲ ਹੋਣ ਕਾਰਨ ਹਾਈ-ਟੈਕ ਕ੍ਰੇਨ ਦੀ ਮਦਦ ਨਾਲ ਇਹ ਅਪਰੇਸ਼ਨ ਮਹਿਜ਼ 30 ਮਿੰਟਾਂ ਵਿੱਚ ਸਫ਼ਲਤਾਪੂਰਵਕ ਪੂਰਾ ਹੋ ਗਿਆ।
ਗੁਰਜੀਤ ਸਿੰਘ ਖਾਲਸਾ ਨੇ ਅਕਤੂਬਰ 2024 ਵਿੱਚ ਬੇਅਦਬੀ ਵਿਰੋਧੀ ਸਖ਼ਤ ਕਾਨੂੰਨ ਦੀ ਮੰਗ ਨੂੰ ਲੈ ਕੇ ਇਹ ਸੰਘਰਸ਼ ਸ਼ੁਰੂ ਕੀਤਾ ਸੀ। ਉਨ੍ਹਾਂ ਦੇ ਸੰਘਰਸ਼ ਨੂੰ ਉਦੋਂ ਵੱਡੀ ਜਿੱਤ ਮਿਲੀ ਜਦੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ‘ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ, 2026’ ਨੂੰ ਮਨਜ਼ੂਰੀ ਦੇ ਦਿੱਤੀ। ਇਸ ਕਾਨੂੰਨੀ ਪ੍ਰਵਾਨਗੀ ਤੋਂ ਬਾਅਦ ਹੀ ਉਨ੍ਹਾਂ ਨੇ ਆਪਣਾ ਲੰਮਾ ਧਰਨਾ ਖ਼ਤਮ ਕਰਨ ਦਾ ਫ਼ੈਸਲਾ ਲਿਆ ਸੀ।
‘ਸੰਗਤ ਅਤੇ ਗੁਰੂ ਦੇ ਭਰੋਸੇ ਦੀ ਜਿੱਤ’
ਹੇਠਾਂ ਉਤਰਨ ਤੋਂ ਬਾਅਦ ਗੁਰਜੀਤ ਸਿੰਘ ਖਾਲਸਾ ਨੇ ਭਾਵੁਕ ਹੁੰਦਿਆਂ ਕਿਹਾ, “ਇਹ ਸਫ਼ਰ ਸੌਖਾ ਨਹੀਂ ਸੀ, ਪਰ ਮੇਰੇ ਗੁਰੂ ’ਤੇ ਅਟੁੱਟ ਭਰੋਸੇ ਅਤੇ ਸਮਰਥਨ ਦੇਣ ਵਾਲੀ ਸੰਗਤ ਸਦਕਾ ਹੀ ਇਹ ਸੰਭਵ ਹੋ ਸਕਿਆ ਹੈ।” ਉਨ੍ਹਾਂ ਨੇ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਸੰਘਰਸ਼ ਦੌਰਾਨ ਉਨ੍ਹਾਂ ਦਾ ਸਾਥ ਦਿੱਤਾ।
Read More : 50 ਵਿਧਾਇਕ ਵੀ ਛੱਡ ਸਕਦੇ ਹਨ ‘ਆਪ’, ਪਾਰਟੀ ਕੋਲ ਕੋਈ ਵਿਚਾਰਧਾਰਾ ਨਹੀਂ: ਰਾਜਾ ਵੜਿੰਗ
