Raja Warring

50 ਵਿਧਾਇਕ ਵੀ ਛੱਡ ਸਕਦੇ ਹਨ ‘ਆਪ’, ਪਾਰਟੀ ਕੋਲ ਕੋਈ ਵਿਚਾਰਧਾਰਾ ਨਹੀਂ: ਰਾਜਾ ਵੜਿੰਗ

ਕਿਹਾ- ਇਹ ਉਦਯੋਗਪਤੀ ਸਿਰਫ਼ ਕਾਰੋਬਾਰੀ ਹਿੱਤਾਂ ਲਈ ਪਾਰਟੀ ’ਚ ਆਏ ਸਨ

ਚੰਡੀਗੜ੍ਹ, 25 ਅਪ੍ਰੈਲ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ (ਆਪ) ਦੇ 7 ਸੰਸਦ ਮੈਂਬਰਾਂ ਦਾ ਭਾਜਪਾ ’ਚ ਸ਼ਾਮਲ ਹੋਣਾ ਪੰਜਾਬ ਦੀ ਸਿਆਸਤ ’ਤੇ ਕੋਈ ਵੱਡਾ ਅਸਰ ਨਹੀਂ ਪਾਵੇਗਾ।

ਵੜਿੰਗ ਨੇ ਕਿਹਾ ਕਿ ਇਹ ਸਾਰੇ ਸੰਸਦ ਮੈਂਬਰ ‘ਬਿਨਾਂ ਜੜ੍ਹਾਂ’ ਵਾਲੇ ਹਨ ਅਤੇ ਸੂਬੇ ਵਿੱਚ ਇਨ੍ਹਾਂ ਦਾ ਕੋਈ ਮਜ਼ਬੂਤ ਆਧਾਰ ਨਹੀਂ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ, “ਅੱਜ ਸਿਰਫ਼ 7 ਸੰਸਦ ਮੈਂਬਰ ਗਏ ਹਨ, ਕੱਲ੍ਹ ਨੂੰ ‘ਆਪ’ ਦੇ 50 ਵਿਧਾਇਕ ਵੀ ਪਾਰਟੀ ਛੱਡ ਸਕਦੇ ਹਨ, ਕਿਉਂਕਿ ਪਾਰਟੀ ਵਿੱਚ ਕੋਈ ਵਿਚਾਰਧਾਰਕ ਵਚਨਬੱਧਤਾ ਨਹੀਂ ਹੈ।”

ਵੜਿੰਗ ਨੇ ‘ਆਪ’ ਦੀ ਟਿਕਟ ਵੰਡ ਪ੍ਰਣਾਲੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਰਾਜ ਸਭਾ ਅਤੇ ਵਿਧਾਨ ਸਭਾ ਦੀਆਂ ਟਿਕਟਾਂ ਅਜਿਹੇ ਵੱਡੇ ਉਦਯੋਗਪਤੀਆਂ ਤੇ ਕਾਰੋਬਾਰੀਆਂ ਨੂੰ ਦਿੱਤੀਆਂ ਗਈਆਂ ਸਨ, ਜਿਨ੍ਹਾਂ ਨੇ ਪਾਰਟੀ ਦੀ ਵਿੱਤੀ ਮਦਦ ਕੀਤੀ ਸੀ। ਇਹ ਆਗੂ ਕਦੇ ਵੀ ਪਾਰਟੀ ਦੀ ਵਿਚਾਰਧਾਰਾ ਨਾਲ ਨਹੀਂ ਜੁੜੇ ਸਨ ਅਤੇ ਸਿਰਫ਼ ਆਪਣੇ ਕਾਰੋਬਾਰੀ ਹਿੱਤਾਂ ਲਈ ਪਾਰਟੀ ਵਿੱਚ ਆਏ ਸਨ। ਇਸ ਲਈ ਹੁਣ ਉਨ੍ਹਾਂ ਦੇ ਜਾਣ ’ਤੇ ‘ਆਪ’ ਨੂੰ ਹੈਰਾਨ ਨਹੀਂ ਹੋਣਾ ਚਾਹੀਦਾ।

ਅਸ਼ੋਕ ਮਿੱਤਲ ਦਾ ਹਵਾਲਾ ਦਿੰਦਿਆਂ ਵੜਿੰਗ ਨੇ ਕਿਹਾ ਕਿ ਹਾਲ ਹੀ ਵਿੱਚ ਉਨ੍ਹਾਂ ਦੇ ਟਿਕਾਣਿਆਂ ’ਤੇ ਈ.ਡੀ. (ED) ਦੀਆਂ ਛਾਪੇਮਾਰੀਆਂ ਹੋਈਆਂ ਸਨ। ਉਨ੍ਹਾਂ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਅੱਜ-ਕੱਲ੍ਹ ਇਹ ਇੱਕ ਆਮ ਰੁਝਾਨ ਬਣ ਗਿਆ ਹੈ ਕਿ ਲੋਕ ਜਾਂਚ ਤੋਂ ਬਚਣ ਲਈ ਭਾਜਪਾ ’ਚ ਸ਼ਾਮਲ ਹੋ ਜਾਂਦੇ ਹਨ।

ਅੰਤ ਵਿੱਚ, ਕਾਂਗਰਸ ਅਤੇ ‘ਆਪ’ ਦੀ ਤੁਲਨਾ ਕਰਦਿਆਂ ਉਨ੍ਹਾਂ ਕਿਹਾ ਕਿ ‘ਆਪ’ ਨੇ ਹਮੇਸ਼ਾ ਪੈਸੇ ਵਾਲੇ ਲੋਕਾਂ ਨੂੰ ਤਰਜੀਹ ਦਿੱਤੀ ਹੈ, ਜੋ ਅਖੀਰ ਵਿੱਚ ਪਾਰਟੀ ਛੱਡ ਗਏ। ਇਸ ਦੇ ਉਲਟ, ਕਾਂਗਰਸ ਪਾਰਟੀ ਨੇ ਹਮੇਸ਼ਾ ਆਪਣੇ ਜ਼ਮੀਨੀ ਪੱਧਰ ਦੇ ਵਰਕਰਾਂ ਨੂੰ ਮੌਕੇ ਦਿੱਤੇ ਹਨ।

Read More : ‘ਆਪ’ ਭਾਜਪਾ ਦੀ ‘ਬੀ-ਟੀਮ’, ਕਾਂਗਰਸ 117 ਸੀਟਾਂ ’ਤੇ ਇਕੱਲੇ ਲੜੇਗੀ ਚੋਣ: ਸੁਖਜਿੰਦਰ ਰੰਧਾਵਾ

Leave a Reply

Your email address will not be published. Required fields are marked *