ਸ਼ਹਿਰ ’ਚ ਦਹਿਸ਼ਤ
ਬਠਿੰਡਾ, 7 ਜੁਲਾਈ :- ਬਠਿੰਡਾ ਸ਼ਹਿਰ ਦੇ ਅਮਰੀਕ ਸਿੰਘ ਰੋਡ ’ਤੇ ਸੋਮਵਾਰ ਸ਼ਾਮ ਇਕ ਸੋਚੀ ਸਮਝੀ ਸਾਜ਼ਿਸ਼ ਅਨੁਸਾਰ ਨਿਹੰਗਾਂ ਦੇ ਬਾਣੇ ’ਚ ਆਏ ਲੁਟੇਰਿਆਂ ਵੱਲੋਂ ਦਿਨ-ਦਿਹਾੜੇ 20 ਲੱਖ ਰੁਪਏ ਦੀ ਲੁੱਟ ਕੀਤੀ ਗਈ। ਇਸ ਘਟਨਾ ਨਾਲ ਸ਼ਹਿਰ ’ਚ ਸਨਸਨੀ ਫੈਲ ਗਈ ਹੈ।
ਜਾਣਕਾਰੀ ਮੁਤਾਬਕ ਮਨੀ ਟਰਾਂਸਫਰ ਦਾ ਕੰਮ ਕਰਦੇ ਦੋ ਨੌਜਵਾਨ ਜਦੋਂ ਸਕੂਟਰੀ ’ਤੇ ਜੁਝਾਰ ਸਿੰਘ ਨਗਰ ਪੈਸੇ ਦੇਣ ਜਾ ਰਹੇ ਸਨ, ਤਾਂ ਪਿੱਛੋਂ ਆਈ ਕਾਰ ਨੇ ਉਨ੍ਹਾਂ ਦੀ ਸਕੂਟਰੀ ਨੂੰ ਟੱਕਰ ਮਾਰੀ। ਟੱਕਰ ਦੇ ਤੁਰੰਤ ਬਾਅਦ ਕਾਰ ’ਚੋਂ ਦੋ ਅਜਿਹੇ ਵਿਅਕਤੀ ਉਤਰੇ ਜੋ ਨਿਹੰਗ ਸਿੰਘਾਂ ਦੇ ਬਾਣੇ ’ਚ ਸਨ। ਉਨ੍ਹਾਂ ਨੇ ਪਿਸਤੌਲ ਦਿਖਾ ਕੇ ਨੌਜਵਾਨਾਂ ਕੋਲੋਂ ਨਕਦੀ ਨਾਲ ਭਰਿਆ ਬੈਗ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ।
ਸੂਚਨਾ ਮਿਲਦਿਆਂ ਹੀ ਐੱਸ. ਪੀ. ਸਿਟੀ ਨਰਿੰਦਰ ਸਿੰਘ ਅਤੇ ਥਾਣਾ ਕੋਤਵਾਲੀ ਦੇ ਇੰਸਪੈਕਟਰ ਪਰਮਿੰਦਰ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਨੇ ਦੱਸਿਆ ਕਿ ਲੁੱਟ ਦੀ ਇਸ ਕਾਰਵਾਈ ਨੂੰ ਬਹੁਤ ਹੀ ਚੁਸਤ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਹੈ। ਦੋਵੇਂ ਨੌਜਵਾਨ ਜਿਨ੍ਹਾਂ ਕੋਲੋਂ ਪੈਸੇ ਲੁੱਟੇ ਗਏ ਹਨ ਉਹ ਘਟਨਾ ਤੋਂ ਬਾਅਦ ਸਦਮੇ ’ਚ ਹਨ।
ਐੱਸ. ਪੀ. ਨਰਿੰਦਰ ਸਿੰਘ ਨੇ ਕਿਹਾ ਕਿ ਪੁਲਸ ਕੋਲ ਕੁਝ ਅਹਿਮ ਜਾਣਕਾਰੀਆਂ ਆਈਆਂ ਹਨ ਤੇ ਲੁੱਟ ਦੇ ਮੁਲਜ਼ਮਾਂ ਦੀ ਪਛਾਣ ਜਲਦ ਕਰ ਕੇ ਉਨ੍ਹਾਂ ਦੀ ਗ੍ਰਿਫਤਾਰੀ ਯਕੀਨੀ ਬਣਾਈ ਜਾਵੇਗੀ। ਇਸ ਦਰਮਿਆਨ ਸ਼ਹਿਰ ’ਚ ਇਸ ਵੱਡੀ ਲੁੱਟ ਦੀ ਘਟਨਾ ਕਾਰਨ ਲੋਕਾਂ ’ਚ ਡਰ ਦਾ ਮਾਹੌਲ ਹੈ ਤੇ ਲੋਕ ਪੁਲਸ ਤੋਂ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ।
Read More : ਕੱਪੜਾ ਵਪਾਰੀ ਦੀ ਗੋਲੀ ਮਾਰ ਕੇ ਹੱਤਿਆ