labor

ਉੱਤਰਾਖੰਡ ਦੀ ਲੇਬਰ ਨਾਲ ਵਾਪਰਿਆ ਹਾਦਸਾ

ਸਵਿਫਟ ਤੇ ਈ-ਰਿਕਸ਼ਾ ਟੱਕਰ, ਔਰਤ ਦੀ ਮੌਤ, 4 ਜ਼ਖਮੀ

ਭਵਾਨੀਗੜ੍ਹ, 16 ਜੂਨ –ਸੋਮਵਾਰ ਇੱਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਪਿੰਡ ਕਾਲਾਝਾੜ ਚੌਕੀ ਨੇੜੇ ਇਕ ਸਵਿਫਟ ਕਾਰ ਤੇ ਈ-ਰਿਕਸ਼ਾ ਵਿਚਕਾਰ ਵਾਪਰੇ ਹਾਦਸੇ ਦੌਰਾਨ ਈ-ਰਿਕਸ਼ਾ ’ਚ ਸਵਾਰ ਇਕ ਔਰਤ ਦੀ ਮੌਤ ਹੋ ਗਈ ਜਦੋਂਕਿ 4 ਔਰਤਾਂ ਨੂੰ ਗੰਭੀਰ ਸੱਟਾਂ ਲੱਗੀਆਂ। ਈ-ਰਿਕਸ਼ਾ ’ਚ ਸਵਾਰ ਔਰਤਾਂ ਮੂਲ ਰੂਪ ’ਚ ਉੱਤਰਾਖੰਡ ਸੂਬੇ ਤੋਂ ਸਨ ਜੋ ਇੱਥੇ ਹੋਰ ਮਜ਼ਦੂਰਾਂ ਸਮੇਤ ਝੋਨੇ ਲਗਾਉਣ ਲਈ ਮਜ਼ਦੂਰੀ ਕਰਨ ਆ ਰਹੀਆਂ ਸਨ।

ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ (ਐੱਸ. ਐੱਸ. ਐੱਫ.) ਦੇ ਕਰਮਚਾਰੀਆਂ ਨੇ ਦੱਸਿਆ ਕਿ ਉਤਰਾਖੰਡ ਸੂਬੇ ’ਚੋਂ ਇੱਥੇ ਝੋਨਾ ਲਗਾਉਣ ਲਈ ਰੇਲ ਗੱਡੀ ਰਾਹੀਂ ਆਈ ਲੇਬਰ ਨੂੰ ਅੱਜ ਸਵੇਰੇ ਪਟਿਆਲਾ ਉੱਤਰਨ ਮਗਰੋਂ ਇਕ ਕਿਸਾਨ ਆਪਣੇ ਖੇਤਾਂ ’ਚ ਝੋਨਾ ਲਵਾਉਣ ਲਈ ਆਪਣੇ ਪਿੰਡ ਈ-ਰਿਕਸ਼ਾ ਰਾਹੀਂ ਬੁੱਕ ਕਰਵਾ ਕੇ ਲਿਆ ਰਿਹਾ ਸੀ ਤਾਂ ਰਸਤੇ ’ਚ ਮੁੱਖ ਹਾਈਵੇਅ ’ਤੇ ਪਿੰਡ ਕਾਲਾਝਾੜ ਪੁਲਸ ਚੌਕੀ ਸਾਹਮਣੇ ਢਾਬੇ ਨੇੜੇ ਉਨ੍ਹਾਂ ਦਾ ਈ-ਰਿਕਸ਼ਾ ਪਿੱਛੋਂ ਆ ਰਹੀ ਇਕ ਸਵਿੱਫਟ ਕਾਰ ਨਾਲ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ।

ਹਾਦਸੇ ’ਚ ਦੋਵੇਂ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਉੱਥੇ ਹੀ ਈ-ਰਿਕਸ਼ਾ ’ਚ ਸਵਾਰ ਦੋ ਸਕੀਆਂ ਭੈਣਾਂ ਰੇਖਾ ਕੌਰ ਤੇ ਆਸ਼ਾ ਕੌਰ ਸਮੇਤ ਗੁਰਜੀਤ ਕੌਰ, ਗੁਰਦੀਪ ਕੌਰ ਅਤੇ ਮਿੰਦੋ ਕੌਰ (ਸਾਰੇ ਵਾਸੀ ਪਿੰਡ ਨਾਨਕਮਤਾ) ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈਆਂ ਜਿਨ੍ਹਾਂ ਨੂੰ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ, ਜਿੱੱਥੇ ਡਾਕਟਰਾਂ ਨੇ ਮਿੰਦੋਂ ਕੌਰ ਨੂੰ ਮ੍ਰਿਤਕ ਐਲਾਨ ਕੀਤਾ ਜਦੋਂਕਿ ਰੇਖਾ ਕੌਰ, ਸੁਰਜੀਤ ਕੌਰ ਅਤੇ ਆਸ਼ਾ ਰਾਣੀ ਨੂੰ ਪਟਿਆਲਾ ਰੈਫਰ ਕਰ ਦਿੱਤਾ।

ਹਾਦਸੇ ਦੌਰਾਨ ਈ-ਰਿਕਸ਼ਾ ਦੇ ਡਰਾਇਵਰ ਰਾਹੁਲ ਮਲਹੋਤਰਾ ਵਾਸੀ ਪਟਿਆਲਾ ਅਤੇ ਸਵਿੱਫਟ ਕਾਰ ਦੇ ਚਾਲਕ ਮਨਿੰਦਰਪ੍ਰੀਤ ਸਿੰਘ ਵਾਸੀ ਸੰਗਰੂਰ ਦਾ ਮਾਮੂਲੀ ਸੱਟਾਂ ਲੱਗਣ ਕਾਰਨ ਬਚਾਅ ਹੋ ਗਿਆ। ਉੱਧਰ, ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਸੁਖਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Read More : ਅੱਗ ਲੱਗਣ ਨਾਲ 5 ਝੁੱਗੀਆਂ ਸੜ ਕੇ ਸੁਆਹ

Leave a Reply

Your email address will not be published. Required fields are marked *