ਪਹਾੜੀ ਰਸਤਿਆਂ ’ਤੇ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਦਾ ਸਖ਼ਤ ਫ਼ੈਸਲਾ
ਜੰਮੂ, 2 ਮਈ : ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਪ੍ਰਸ਼ਾਸਨ ਨੇ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ’ਤੇ ਸਲੀਪਰ ਬੱਸਾਂ ਦੇ ਸੰਚਾਲਨ ’ਤੇ ਸਖ਼ਤ ਰੁਖ਼ ਅਪਣਾਇਆ ਹੈ। ਖ਼ਾਸ ਤੌਰ ’ਤੇ ਊਧਮਪੁਰ ਤੋਂ ਹੋ ਕੇ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ’ਤੇ ਚੱਲਣ ਵਾਲੀਆਂ ਸਲੀਪਰ ਬੱਸਾਂ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਜਾਰੀ ਹੁਕਮਾਂ ਅਨੁਸਾਰ ਘੁਮਾਅਦਾਰ ਪਹਾੜੀ ਸੜਕਾਂ ’ਤੇ ਸਲੀਪਰ ਬੱਸਾਂ ਦੇ ਚੱਲਣ ’ਤੇ ਪੂਰਨ ਰੋਕ ਲਾਈ ਗਈ ਹੈ। ਟਰਾਂਸਪੋਰਟ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਰੂਟਾਂ ’ਤੇ ਸਿਰਫ਼ ਸੀਟਰ ਬੱਸਾਂ ਨੂੰ ਹੀ ਇਜਾਜ਼ਤ ਦਿੱਤੀ ਜਾਵੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਆਪ੍ਰੇਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਗਈ ਹੈ।
ਅਧਿਕਾਰਤ ਸੂਤਰਾਂ ਅਨੁਸਾਰ ਪ੍ਰਸ਼ਾਸਨ ਦਾ ਇਹ ਫ਼ੈਸਲਾ ਹਾਲ ਹੀ ਦੇ ਮਹੀਨਿਆਂ ’ਚ ਊਧਮਪੁਰ ਅਤੇ ਆਸ-ਪਾਸ ਦੇ ਖੇਤਰਾਂ ’ਚ ਹੋਏ ਕਈ ਸੜਕ ਹਾਦਸਿਆਂ ਦੇ ਮੱਦੇਨਜ਼ਰ ਲਿਆ ਗਿਆ ਹੈ। ਇਨ੍ਹਾਂ ਹਾਦਸਿਆਂ ’ਚ ਸਲੀਪਰ ਬੱਸਾਂ ਦੀ ਬਣਤਰ ਅਤੇ ਸੰਤੁਲਨ ਨੂੰ ਲੈ ਕੇ ਗੰਭੀਰ ਸਵਾਲ ਉੱਠੇ ਸਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਪਹਾੜੀ ਰੂਟਾਂ ’ਤੇ ਸਲੀਪਰ ਬੱਸਾਂ ਜ਼ਿਆਦਾ ਖ਼ਤਰਨਾਕ ਸਾਬਤ ਹੁੰਦੀਆਂ ਹਨ, ਖ਼ਾਸ ਕਰ ਕੇ ਤਿੱਖੇ ਮੋੜਾਂ ਅਤੇ ਢਲਾਣਾਂ ’ਤੇ। ਸਲੀਪਰ ਬੱਸਾਂ ’ਚ ਯਾਤਰੀਆਂ ਦੇ ਲੇਟਣ ਦੀ ਵਿਵਸਥਾ ਹੋਣ ਕਾਰਨ ਹਾਦਸੇ ਸਮੇਂ ਗੰਭੀਰ ਸੱਟਾਂ ਲੱਗਣ ਦੀ ਸੰਭਾਵਨਾ ਵਧ ਜਾਂਦੀ ਹੈ।
ਅਜਿਹੀ ਸਥਿਤੀ ’ਚ ਯਾਤਰੀਆਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਦੇਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ। ਇਸ ਹੁਕਮ ਦਾ ਸਿੱਧਾ ਅਸਰ ਊਧਮਪੁਰ ਤੋਂ ਹੋ ਕੇ ਲੰਘਣ ਵਾਲੀਆਂ ਲੰਬੇ ਸਫ਼ਰ ਦੀਆਂ ਬੱਸ ਸੇਵਾਵਾਂ ’ਤੇ ਪਵੇਗਾ।
Read More : ਦੋਹਰੀ ਨੀਤੀ ’ਤੇ ਕੰਮ ਕਰ ਰਹੀ ‘ਆਪ’ ਸਰਕਾਰ, ਡੀ.ਏ. ਦੇ ਹੁਕਮਾਂ ਨੂੰ ਚੁਣੌਤੀ ਦੇਣਾ ਮੰਦਭਾਗਾ : ਪ੍ਰਤਾਪ ਬਾਜਵਾ
