ਵਿਜੇ ਚੌਧਰੀ ਅਤੇ ਬਿਜੇਂਦਰ ਯਾਦਵ ਨੇ ਉਪ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
ਪਟਨਾ, 15 ਅਪ੍ਰੈਲ : ਸਮਰਾਟ ਚੌਧਰੀ ਬਿਹਾਰ ਦੇ 24ਵੇਂ ਮੁੱਖ ਮੰਤਰੀ ਬਣ ਗਏ ਹਨ। ਰਾਜਪਾਲ ਸਈਦ ਅਤਾ ਹਸਨੈਨ ਨੇ ਅੱਜ ਸਵੇਰੇ 11 ਵਜੇ ਲੋਕ ਭਵਨ ਵਿੱਚ ਉਨ੍ਹਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਇਸ ਨਵੀਂ ਸਰਕਾਰ ਵਿੱਚ ਜੇਡੀਯੂ ਦੇ ਵਿਜੇ ਚੌਧਰੀ ਅਤੇ ਬਿਜੇਂਦਰ ਯਾਦਵ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਸ ਸਮਾਗਮ ਵਿੱਚ ਸਾਬਕਾ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਮੌਜੂਦ ਸਨ, ਜਿਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਇਹ ਸਿਆਸੀ ਤਬਦੀਲੀ ਹੋਈ ਹੈ।
ਵਿਭਾਗਾਂ ਦੀ ਵੰਡ ਅਨੁਸਾਰ ਮੁੱਖ ਮੰਤਰੀ ਸਮਰਾਟ ਚੌਧਰੀ ਗ੍ਰਹਿ ਸਮੇਤ 29 ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲਣਗੇ, ਜਦਕਿ ਵਿਜੇ ਚੌਧਰੀ ਨੂੰ 10 ਅਤੇ ਬਿਜੇਂਦਰ ਯਾਦਵ ਨੂੰ 8 ਵਿਭਾਗ ਮਿਲੇ ਹਨ। ਮੰਤਰੀ ਮੰਡਲ ਦੇ ਵਿਸਥਾਰ ਤੱਕ ਇਹ ਤਿੰਨੋਂ ਆਗੂ ਹੀ ਸਾਰੇ ਵਿਭਾਗਾਂ ਦਾ ਕੰਮਕਾਜ ਦੇਖਣਗੇ। ਸਮਰਾਟ ਚੌਧਰੀ ਦੇ ਪਿਤਾ ਸ਼ਕੁਨੀ ਚੌਧਰੀ ਨੇ ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਸਖ਼ਤ ਮਿਹਨਤ ਅਤੇ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਨਿਤੀਸ਼ ਕੁਮਾਰ ਦੇ ਆਸ਼ੀਰਵਾਦ ਦਾ ਨਤੀਜਾ ਦੱਸਿਆ।
ਭਾਜਪਾ ਆਗੂ ਮਨਨ ਕੁਮਾਰ ਮਿਸ਼ਰਾ ਨੇ ਇਸ ਦਿਨ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਬਿਹਾਰ ਵਿੱਚ ਪਹਿਲੀ ਵਾਰ ਭਾਜਪਾ ਦਾ ਮੁੱਖ ਮੰਤਰੀ ਬਣਨਾ ਮਾਣ ਵਾਲੀ ਗੱਲ ਹੈ। ਦੱਸਣਯੋਗ ਹੈ ਕਿ ਸਹੁੰ ਚੁੱਕਣ ਤੋਂ ਪਹਿਲਾਂ ਸਮਰਾਟ ਚੌਧਰੀ ਨੇ ਪੰਚਮੁਖੀ ਹਨੂੰਮਾਨ ਮੰਦਰ ਵਿੱਚ ਪੂਜਾ ਅਰਚਨਾ ਕੀਤੀ। ਨਿਤੀਸ਼ ਕੁਮਾਰ, ਜੋ 20 ਸਾਲ ਤੱਕ ਮੁੱਖ ਮੰਤਰੀ ਰਹੇ, ਹੁਣ ਰਾਜ ਸਭਾ ਮੈਂਬਰ ਵਜੋਂ ਸੇਵਾ ਨਿਭਾਉਣਗੇ।
Read More : ਹੀਟਵੇਵ ਐਡਵਾਈਜ਼ਰੀ: ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸੁਰੱਖਿਆ ਨਿਰਦੇਸ਼ ਜਾਰੀ
