ਚੇਨਈ ਵਿਰੁੱਧ ਮੈਚ ਦੌਰਾਨ ਨਿਰਧਾਰਤ ਸਮੇਂ ‘ਚ ਓਵਰ ਪੂਰੇ ਨਾ ਕਰਨ ‘ਤੇ ਹੋਈ ਕਾਰਵਾਈ
ਸਪੋਰਟਸ ਡੈਸਕ, 15 ਅਪ੍ਰੈਲ : ਕੋਲਕਾਤਾ ਨਾਈਟ ਰਾਈਡਰਜ਼ (KKR) ਦੇ ਕਪਤਾਨ ਅਜਿੰਕਿਆ ਰਹਾਣੇ ਨੂੰ ਆਈਪੀਐਲ 2026 ਦੇ 22ਵੇਂ ਮੈਚ ਵਿੱਚ ਚੇਨਈ ਸੁਪਰ ਕਿੰਗਜ਼ (CSK) ਵਿਰੁੱਧ ਹੌਲੀ ਓਵਰ-ਰੇਟ ਰੱਖਣ ਲਈ ਜੁਰਮਾਨਾ ਲਗਾਇਆ ਗਿਆ ਹੈ। ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਦੌਰਾਨ ਕੋਲਕਾਤਾ ਦੀ ਟੀਮ ਨਿਰਧਾਰਤ ਸਮੇਂ ਦੇ ਅੰਦਰ ਆਪਣੇ ਓਵਰ ਪੂਰੇ ਕਰਨ ਵਿੱਚ ਅਸਫਲ ਰਹੀ, ਜਿਸ ਕਾਰਨ ਬੀਸੀਸੀਆਈ ਨੇ ਆਈਪੀਐਲ ਆਚਾਰ ਸੰਹਿਤਾ ਦੀ ਉਲੰਘਣਾ ਤਹਿਤ ਇਹ ਕਾਰਵਾਈ ਕੀਤੀ।
ਬੀਸੀਸੀਆਈ ਦੇ ਅਧਿਕਾਰਤ ਬਿਆਨ ਅਨੁਸਾਰ, ਇਹ ਇਸ ਸੀਜ਼ਨ ਵਿੱਚ ਕੇਕੇਆਰ ਦਾ ਪਹਿਲਾ ਅਪਰਾਧ ਸੀ, ਇਸ ਲਈ ਕਪਤਾਨ ਅਜਿੰਕਿਆ ਰਹਾਣੇ ਨੂੰ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਆਈਪੀਐਲ ਨਿਯਮਾਂ ਮੁਤਾਬਕ ਜੇਕਰ ਇਹ ਗਲਤੀ ਦੂਜੀ ਵਾਰ ਦੁਹਰਾਈ ਜਾਂਦੀ ਹੈ, ਤਾਂ ਕਪਤਾਨ ਨੂੰ 24 ਲੱਖ ਰੁਪਏ ਅਤੇ ਟੀਮ ਦੇ ਬਾਕੀ ਖਿਡਾਰੀਆਂ ਨੂੰ ਮੈਚ ਫੀਸ ਦਾ 25 ਪ੍ਰਤੀਸ਼ਤ ਜਾਂ 6 ਲੱਖ ਰੁਪਏ (ਜੋ ਵੀ ਘੱਟ ਹੋਵੇ) ਜੁਰਮਾਨਾ ਦੇਣਾ ਪਵੇਗਾ।
ਜ਼ਿਕਰਯੋਗ ਹੈ ਕਿ ਤੀਜੀ ਵਾਰ ਅਜਿਹਾ ਹੋਣ ‘ਤੇ ਕਪਤਾਨ ‘ਤੇ 30 ਲੱਖ ਰੁਪਏ ਦੇ ਜੁਰਮਾਨੇ ਦੇ ਨਾਲ-ਨਾਲ ਇੱਕ ਮੈਚ ਦੀ ਪਾਬੰਦੀ ਵੀ ਲੱਗ ਸਕਦੀ ਹੈ। ਆਈਪੀਐਲ ਨਿਯਮਾਂ ਅਨੁਸਾਰ ਹਰੇਕ ਟੀਮ ਨੂੰ 20 ਓਵਰ ਸੁੱਟਣ ਲਈ 90 ਮਿੰਟ ਦਾ ਸਮਾਂ ਦਿੱਤਾ ਜਾਂਦਾ ਹੈ ਅਤੇ ਖੇਡ ਦੀ ਗਤੀ ਨੂੰ ਬਣਾਈ ਰੱਖਣ ਦੀ ਪੂਰੀ ਜ਼ਿੰਮੇਵਾਰੀ ਕਪਤਾਨ ਦੀ ਹੁੰਦੀ ਹੈ।
Read More : ਹੀਟਵੇਵ ਐਡਵਾਈਜ਼ਰੀ: ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸੁਰੱਖਿਆ ਨਿਰਦੇਸ਼ ਜਾਰੀ
