ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਭਰੋਸੇ ਤੋਂ ਬਾਅਦ ਪਟੀਸ਼ਨ ਦਾ ਕੀਤਾ ਨਿਪਟਾਰਾ; ਅੰਮ੍ਰਿਤਸਰ ਵਿਖੇ ਹੋਵੇਗੀ ਪੂਰੀ ਪ੍ਰਕਿਰਿਆ
ਚੰਡੀਗੜ੍ਹ, 24 ਮਾਰਚ : ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਜਨਰਲ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਖ਼ੁਦਕੁਸ਼ੀ ਮਾਮਲੇ ’ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੋਸਟਮਾਰਟਮ ਦੀ ਵੀਡੀਓਗ੍ਰਾਫੀ ਕਰਵਾਉਣ ਅਤੇ ਇਸ ਨੂੰ ਇਲੈਕਟ੍ਰਾਨਿਕ ਸਬੂਤ ਵਜੋਂ ਸੁਰੱਖਿਅਤ ਰੱਖਣ ਦੇ ਹੁਕਮ ਦਿੰਦਿਆਂ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ। ਜਸਟਿਸ ਜਗਮੋਹਨ ਬਾਂਸਲ ਦੇ ਬੈਂਚ ਅੱਗੇ ਸਰਕਾਰੀ ਵਕੀਲ ਨੇ ਭਰੋਸਾ ਦਿੱਤਾ ਕਿ ਰੰਧਾਵਾ ਦੀ ਪਤਨੀ ਉਪਿੰਦਰ ਕੌਰ ਦੀ ਮੰਗ ਅਨੁਸਾਰ ਅੰਮ੍ਰਿਤਸਰ ਵਿਖੇ ਪੋਸਟਮਾਰਟਮ ਦੀ ਪੂਰੀ ਕਾਰਵਾਈ ਰਿਕਾਰਡ ਕੀਤੀ ਜਾ ਰਹੀ ਹੈ।
ਅਦਾਲਤ ਨੇ ਰਾਜ ਸਰਕਾਰ ਦੇ ਇਸ ਬਿਆਨ ਨੂੰ ਰਿਕਾਰਡ ’ਤੇ ਲੈਂਦਿਆਂ ਕਿਹਾ ਕਿ ਪਟੀਸ਼ਨਕਰਤਾ ਦੀ ਮੁੱਖ ਚਿੰਤਾ ਦਾ ਹੱਲ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਰੰਧਾਵਾ ਦੀ ਮਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਉਂਦਿਆਂ ਖ਼ਦਸ਼ਾ ਪ੍ਰਗਟਾਇਆ ਸੀ ਕਿ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਨੇ ਪੋਸਟਮਾਰਟਮ ਪੰਜਾਬ ਤੋਂ ਬਾਹਰ ਕਿਸੇ ਸੁਤੰਤਰ ਮੈਡੀਕਲ ਬੋਰਡ ਜਿਵੇਂ ਪੀ.ਜੀ.ਆਈ. ਚੰਡੀਗੜ੍ਹ, ਰੋਹਤਕ ਜਾਂ ਏਮਜ਼ ਬਠਿੰਡਾ ਤੋਂ ਕਰਵਾਉਣ ਦੀ ਮੰਗ ਕੀਤੀ ਸੀ।
ਹਾਈ ਕੋਰਟ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਫ਼ਿਲਹਾਲ ਸਬੂਤਾਂ ਨੂੰ ਵਿਗਿਆਨਕ ਤਰੀਕੇ ਨਾਲ ਸੰਭਾਲਣ ਨੂੰ ਕਾਫ਼ੀ ਮੰਨਿਆ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਵੀਡੀਓਗ੍ਰਾਫੀ ਨੂੰ ਭਵਿੱਖ ’ਚ ਕਿਸੇ ਵੀ ਨਿਆਂਇਕ ਪ੍ਰਕਿਰਿਆ ਲਈ ਸਬੂਤ ਵਜੋਂ ਵਰਤਿਆ ਜਾ ਸਕੇਗਾ। ਰੰਧਾਵਾ ਦੀ ਮਾਂ ਦੇ ਵਕੀਲ ਵੱਲੋਂ ਵੀ ਇਸ ਵਿਵਸਥਾ ’ਤੇ ਕੋਈ ਇਤਰਾਜ਼ ਨਾ ਜਤਾਉਣ ਤੋਂ ਬਾਅਦ ਕੇਸ ਬੰਦ ਕਰ ਦਿੱਤਾ ਗਿਆ।
Read More : ਬਾਘਾਪੁਰਾਣਾ ਪੰਚਾਇਤ ਸੰਮਤੀ ਚੋਣਾਂ ਸ਼ਨੀਵਾਰ ਨੂੰ; ਹਾਈ ਕੋਰਟ ਨੇ ਐੱਸ.ਡੀ.ਐੱਮ. ਨੂੰ ਪਾਈ ਝਾੜ
