40 ਕਿਲੋ ਹੈਰੋਇਨ ਤੇ ਫਾਰਚੂਨਰ ਸਮੇਤ ਕਈ ਨਸ਼ਾ ਸਮੱਗਲਰ ਕਾਬੂ
ਬਠਿੰਡਾ, 8 ਜੁਲਾਈ :- ਪੰਜਾਬ ਦੇ ਬਠਿੰਡਾ ਜ਼ਿਲੇ ਤੋਂ ਇਕ ਵੱਡੀ ਸਨਸਨੀਖੇਜ਼ ਖਬਰ ਸਾਹਮਣੇ ਆਈ ਹੈ। ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੁਲਸ ਨੇ ਇਤਿਹਾਸ ਦੀ ਸਭ ਤੋਂ ਵੱਡੀ ਕਾਰਵਾਈ ਕਰਦਿਆਂ ਅੱਧੀ ਰਾਤ ਨੂੰ ਛਾਪੇਮਾਰੀ ਦੌਰਾਨ 40 ਕਿਲੋ ਹੈਰੋਇਨ, ਇਕ ਫਾਰਚੂਨਰ ਕਾਰ ਅਤੇ ਕਈ ਨਸ਼ਾ ਸਮੱਗਲਰਾਂ ਨੂੰ ਕਾਬੂ ਕੀਤਾ ਹੈ। ਇਸ ਹੈਰੋਇਨ ਦੀ ਕੀਮਤ ਅਰਬਾਂ ’ਚ ਹੈ।
ਇਹ ਪੂਰੀ ਕਾਰਵਾਈ ਬਠਿੰਡਾ ਦੇ ਸੁੱਚਾ ਸਿੰਘ ਗਲੀ ’ਚ ਸਵੇਰੇ 3.30 ਵਜੇ ਦੇ ਕਰੀਬ ਕੀਤੀ ਗਈ। ਗ੍ਰਿਫਤਾਰ ਲੋਕ ਕਾਰ ਵਪਾਰੀਆਂ ਵਜੋਂ ਕੰਮ ਕਰਦੇ ਸਨ ਪਰ ਅਸਲ ’ਚ ਉਹ ਨਸ਼ਿਆਂ ਦੀ ਸਮੱਗਲਿੰਗ ਕਰ ਰਹੇ ਸਨ। ਇਹ ਨੌਜਵਾਨ ਮਲੋਟ (ਮੁਕਤਸਰ ਸਾਹਿਬ) ਤੋਂ ਆਏ ਸਨ ਅਤੇ ਕਈ ਦਿਨਾਂ ਤੋਂ ਬਠਿੰਡਾ ’ਚ ਡੇਰਾ ਲਾਈ ਬੈਠੇ ਸਨ।
ਪਲਸ ਨੇ ਛਾਪੇਮਾਰੀ ਦੌਰਾਨ ਗਲੀ ਨੂੰ ਸੀਲ ਕੀਤਾ ਤੇ 3 ਪਾਸਿਆਂ ਤੋਂ ਘੇਰਿਆ ਗਿਆ ਸੀ। ਇਹ ਕਾਰਵਾਈ ਸੀਨੀਅਰ ਪੁਲਸ ਸੁਪਰਡੈਂਟ ਅਮਨੀਤ ਕੌਂਡਲ, ਡੀ. ਐੱਸ. ਪੀ. ਸਿਟੀ-1 ਸੰਦੀਪ ਸਿੰਘ ਭਾਟੀ ਅਤੇ ਸੀ. ਆਈ. ਏ. ਸਟਾਫ-1 ਦੀ ਟੀਮ ਵੱਲੋਂ ਕੀਤੀ ਗਈ।
ਪੁਲਸ ਨੇ ਪਹਿਲਾਂ ਗਲੀ ਦੀਆਂ ਤਿੰਨ ਮੁੱਖ ਸੜਕਾਂ ਨੂੰ ਸੀਲ ਕੀਤਾ ਅਤੇ ਇਕ ਕਾਲੀ ਫਾਰਚੂਨਰ ਕਾਰ ਨੂੰ ਰੋਕਿਆ, ਜਿਸ ’ਚੋਂ 40 ਕਿਲੋ ਹੈਰੋਇਨ ਬਰਾਮਦ ਹੋਈ। ਮੁਲਜ਼ਮਾਂ ਨੇ ਸ਼ੁਰੂਆਤੀ ਪੁੱਛਗਿੱਛ ’ਚ ਕਬੂਲ ਕੀਤਾ ਕਿ ਇਹ ਹੈਰੋਇਨ ਉਨ੍ਹਾਂ ਨੂੰ ਪਾਕਿਸਤਾਨ ਸਰਹੱਦ ਰਾਹੀਂ ਇਕ ਵਿਦੇਸ਼ੀ ਨੈੱਟਵਰਕ ਵੱਲੋਂ ਭੇਜੀ ਗਈ ਸੀ।
ਪੁਲਸ ਇਸ ਸਬੰਧ ’ਚ ਅੰਤਰਰਾਸ਼ਟਰੀ ਸਬੰਧਾਂ ਅਤੇ ਖੁਫੀਆ ਏਜੰਸੀਆਂ ਦੀ ਸ਼ਮੂਲੀਅਤ ਦੀ ਜਾਂਚ ਕਰ ਰਹੀ ਹੈ। ਇਲਾਕਾ ਵਾਸੀਆਂ ਨੇ ਕਿਹਾ ਕਿ ਰਾਤ ਨੂੰ ਇੱਥੇ ਕੁਝ ਸ਼ੱਕੀ ਗਤੀਵਿਧੀਆਂ ਦੇਖੀਆਂ ਗਈਆਂ ਸਨ ਪਰ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਇੱਥੇ ਇੰਨੇ ਵੱਡੇ ਪੱਧਰ ’ਤੇ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਹੋ ਰਹੀ ਹੈ।
ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਲਖਵੀਰ ਸਿੰਘ ਉਰਫ ਲੱਖਾ (33), ਪ੍ਰਭਜੀਤ ਸਿੰਘ (26), ਰਣਜੋਧ ਸਿੰਘ (27), ਆਕਾਸ਼ ਮਰਵਾਹ (21), ਰੋਹਿਤ ਕੁਮਾਰ (25), ਗੁਰਚਰਨ ਸਿੰਘ (27) ਵਜੋਂ ਹੋਈ ਹੈ। ਇਸ ਰੈਕੇਟ ਪਿੱਛੇ ਕੋਈ ਵੱਡਾ ਮਾਸਟਰਮਾਈਂਡ ਹੈ, ਜੋ ਅਜੇ ਵੀ ਪੁਲਸ ਦੀ ਪਹੁੰਚ ਤੋਂ ਬਾਹਰ ਹੈ। ਸੂਤਰਾਂ ਅਨੁਸਾਰ ਪੁਲਸ ਨੇ ਵਿਦੇਸ਼ੀ ਸਬੰਧਾਂ ਦੀ ਪੁਸ਼ਟੀ ਲਈ ਕੇਂਦਰੀ ਏਜੰਸੀਆਂ ਦੀ ਮਦਦ ਵੀ ਲੈਣੀ ਸ਼ੁਰੂ ਕਰ ਦਿੱਤੀ ਹੈ।
Read More : ਪੰਜਾਬ ਸਰਕਾਰ ਦਾ ਪੰਜਾਬੀਆਂ ਲਈ ਵੱਡਾ ਐਲਾਨ