36 ਸਾਲਾਂ ਦਾ ਅਕਾਦਮਿਕ ਤੇ ਪ੍ਰਸ਼ਾਸਨਿਕ ਤਜਰਬਾ; ਕੋਕਾ-ਕੋਲਾ ਕੰਪਨੀ ’ਚ ਬਤੌਰ CEO ਨਿਭਾ ਚੁੱਕੇ ਹਨ ਸੇਵਾਵਾਂ
ਚੰਡੀਗੜ੍ਹ, 8 ਫਰਵਰੀ: ਪੰਜਾਬ ਸਰਕਾਰ ਨੇ ਡਾ. ਪੁਸ਼ਪਿੰਦਰ ਸਿੰਘ ਗਿੱਲ ਨੂੰ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਦਾ ਨਵਾਂ ਉਪ ਕੁਲਪਤੀ (ਵਾਈਸ ਚਾਂਸਲਰ) ਨਿਯੁਕਤ ਕੀਤਾ ਹੈ। ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਉਨ੍ਹਾਂ ਦਾ ਕਾਰਜਕਾਲ ਅਹੁਦਾ ਸੰਭਾਲਣ ਦੀ ਮਿਤੀ ਤੋਂ ਤਿੰਨ ਸਾਲ ਲਈ ਹੋਵੇਗਾ। ਡਾ. ਗਿੱਲ ਕੋਲ ਅਕਾਦਮਿਕ, ਖੋਜ, ਪ੍ਰਸ਼ਾਸਨ ਅਤੇ ਅੰਤਰਰਾਸ਼ਟਰੀ ਸਲਾਹ-ਮਸ਼ਵਰੇ ਵਿੱਚ 36 ਸਾਲਾਂ ਤੋਂ ਵੱਧ ਦਾ ਲੰਮਾ ਤਜਰਬਾ ਹੈ।
ਸ਼ਾਨਦਾਰ ਅਕਾਦਮਿਕ ਅਤੇ ਕਾਰਪੋਰੇਟ ਕਰੀਅਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਸੇਵਾਮੁਕਤ ਪ੍ਰੋਫੈਸਰ ਡਾ. ਗਿੱਲ ਨੇ ਆਪਣੇ ਕਰੀਅਰ ਦੌਰਾਨ ਕਈ ਅਹਿਮ ਅਹੁਦਿਆਂ ’ਤੇ ਸੇਵਾ ਨਿਭਾਈ ਹੈ। ਉਹ ਪੰਜਾਬੀ ਯੂਨੀਵਰਸਿਟੀ ਤੋਂ ਹੀ ਡਾਕਟਰੇਟ ਹਨ ਅਤੇ ਉੱਥੇ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।
ਅਕਾਦਮਿਕ ਖੇਤਰ ਦੇ ਨਾਲ-ਨਾਲ ਉਨ੍ਹਾਂ ਕੋਲ ਵੱਡਾ ਕਾਰਪੋਰੇਟ ਤਜਰਬਾ ਵੀ ਹੈ। ਉਨ੍ਹਾਂ ਨੇ 1999 ਤੋਂ 2001 ਤੱਕ ਅਫ਼ਰੀਕਾ ਦੇ ਵੱਖ-ਵੱਖ ਦੇਸ਼ਾਂ (ਯੂਗਾਂਡਾ, ਕੀਨੀਆ, ਇਥੋਪੀਆ ਤੇ ਨਾਈਜੀਰੀਆ) ਵਿੱਚ ਕੋਕਾ-ਕੋਲਾ ਕੰਪਨੀ ਲਈ ਮੁੱਖ ਕਾਰਜਕਾਰੀ ਅਧਿਕਾਰੀ (CEO) ਵਜੋਂ ਸੇਵਾਵਾਂ ਦਿੱਤੀਆਂ।
ਖੋਜ ਅਤੇ ਪ੍ਰਕਾਸ਼ਨਾਂ ’ਚ ਮੋਹਰੀ
ਡਾ. ਗਿੱਲ ਦੀਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਰਸਾਲਿਆਂ ਵਿੱਚ 84 ਖੋਜ ਪ੍ਰਕਾਸ਼ਨਾਵਾਂ ਅਤੇ 10 ਕਿਤਾਬਾਂ ਛਪ ਚੁੱਕੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਮੈਨੇਜਮੈਂਟ ਅਤੇ ਹੋਰ ਸਹਾਇਕ ਵਿਸ਼ਿਆਂ ’ਤੇ ਵੱਖ-ਵੱਖ ਅਖ਼ਬਾਰਾਂ ਵਿੱਚ 400 ਤੋਂ ਵੱਧ ਲੇਖ ਲਿਖੇ ਹਨ।
ਉਨ੍ਹਾਂ ਨੇ ਉੱਤਰਾਖੰਡ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਪਬਲਿਕ ਸਰਵਿਸ ਕਮਿਸ਼ਨਾਂ ਵਿੱਚ ਇਕ ਮਾਹਰ ਵਜੋਂ ਵੀ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਉਨ੍ਹਾਂ ਦੀ ਨਿਯੁਕਤੀ ਨਾਲ ਯੂਨੀਅਰਸਿਟੀ ਨੂੰ ਕੁਸ਼ਲ ਗਵਰਨੈਂਸ ਅਤੇ ਰਣਨੀਤਕ ਪ੍ਰਬੰਧਨ ਵਿੱਚ ਵੱਡਾ ਲਾਭ ਮਿਲਣ ਦੀ ਉਮੀਦ ਹੈ।
Read More : ਡੀ.ਜੀ.ਪੀ. ਵੱਲੋਂ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ ‘ਆਪ੍ਰੇਸ਼ਨ ਪ੍ਰਹਾਰ-2’ ਦਾ ਐਲਾਨ
