ਸਰਕਾਰ ਦੇ 4 ਸਾਲ ਪੂਰੇ ਹੋਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਰੀ ਕੀਤਾ ਰਿਪੋਰਟ ਕਾਰਡ; ਵਿਰੋਧੀਆਂ ‘ਤੇ ਸਾਧੇ ਤਿੱਖੇ ਨਿਸ਼ਾਨੇ
ਚੰਡੀਗੜ੍ਹ, 16 ਮਾਰਚ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਦੇ ਮੌਕੇ ‘ਤੇ ਚੰਡੀਗੜ੍ਹ ਵਿੱਚ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਦੀਆਂ ਉਪਲਬਧੀਆਂ ਬਾਰੇ ਇੱਕ ਕਿਤਾਬਚਾ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਜਲਦ ਹੀ ਜਲੰਧਰ ਦੇ ਬੋਲਟਨ ਪਾਰਕ ਅਤੇ ਮੋਹਾਲੀ ਵਿਖੇ ਹਾਕੀ ਏਸ਼ੀਆ ਕੱਪ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ, ਜਿਸ ਦੇ ਫਾਈਨਲ ਮੁਕਾਬਲੇ 21-22 ਤਾਰੀਖ ਨੂੰ ਹੋਣਗੇ।
ਮੁੱਖ ਮੰਤਰੀ ਨੇ ਸਿਆਸੀ ਵਿਰੋਧੀਆਂ ‘ਤੇ ਹਮਲਾ ਬੋਲਦਿਆਂ ਕਾਂਗਰਸ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੂੰ ‘ਗੈਂਗ ਲੀਡਰ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਕੋਲੇ ਦੀਆਂ ਖਾਣਾਂ ਵਿੱਚ ਕਮਿਸ਼ਨ ਚੱਲਦਾ ਸੀ, ਜਦਕਿ ਮੌਜੂਦਾ ਸਰਕਾਰ ਨੇ ਆਪਣੀ ਖਾਣ ਚਾਲੂ ਕਰਕੇ ਬਿਜਲੀ ਸੰਕਟ ਨੂੰ ਹੱਲ ਕੀਤਾ ਹੈ। ਸੰਗਰੂਰ ਮੈਡੀਕਲ ਕਾਲਜ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵਿਰੋਧ ਕਾਰਨ ਹੁਣ ਨਵੀਂ ਜਗ੍ਹਾ ਦਾ ਫੈਸਲਾ ਲਿਆ ਗਿਆ ਹੈ।
ਭਗਵੰਤ ਮਾਨ ਨੇ ਭਾਜਪਾ ‘ਤੇ ਵੀ ਤਨਜ਼ ਕੱਸਦਿਆਂ ਕਿਹਾ ਕਿ 15 ਲੱਖ ਦੇਣ ਦਾ ਵਾਅਦਾ ਸਿਰਫ਼ ਚੋਣਾਂ ਦਾ ਇੱਕ ‘ਨਾਅਰਾ’ ਨਿਕਲਿਆ ਅਤੇ ਰੁਜ਼ਗਾਰ ਦੇ ਨਾਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਕੌੜੇ ਤਲਣ ਦੀ ਸਲਾਹ ਦਿੱਤੀ। ਜ਼ਿਕਰਯੋਗ ਹੈ ਕਿ 2022 ਵਿੱਚ 92 ਸੀਟਾਂ ਦੀ ਇਤਿਹਾਸਕ ਜਿੱਤ ਤੋਂ ਬਾਅਦ ਅੱਜ ਦੇ ਹੀ ਦਿਨ ਖਟਕੜ ਕਲਾਂ ਵਿੱਚ ਸਰਕਾਰ ਦਾ ਸਹੁੰ ਚੁੱਕ ਸਮਾਗਮ ਹੋਇਆ ਸੀ।
Read More : ਗੁਰਦਾਸ ਮਾਨ ਪਹੁੰਚੇ ਸਿੱਧੂ ਮੂਸੇਵਾਲਾ ਦੇ ਘਰ; ਛੋਟੇ ਭਰਾ ਸ਼ੁਭਦੀਪ ਨੂੰ ਦੇਖ ਹੋਏ ਭਾਵੁਕ
