MP Amritpal Singh

ਐੱਨ. ਐੱਸ. ਏ. ਖ਼ਤਮ ਹੋਣ ਤੋਂ ਬਾਅਦ ਪੰਜਾਬ ਪੁਲਸ ਅੰਮ੍ਰਿਤਪਾਲ ਸਿੰਘ ਨੂੰ ਮੁੜ ਕਰੇਗੀ ਗ੍ਰਿਫ਼ਤਾਰ

ਅਜਨਾਲਾ ਕਾਂਡ ’ਚ ਰਸਮੀ ਗ੍ਰਿਫ਼ਤਾਰੀ ਲਈ ਪੁਲਸ ਟੀਮ ਡਿਬਰੂਗੜ੍ਹ ਪੁੱਜੀ, ਜੇਲ ’ਚ ਹੀ ਰੱਖਿਆ ਜਾਵੇਗਾ

ਡਿਬਰੂਗੜ੍ਹ (ਆਸਾਮ), 22 ਅਪ੍ਰੈਲ : ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨ. ਐੱਸ. ਏ.) ਤਹਿਤ ਹਿਰਾਸਤ ਖ਼ਤਮ ਹੋਣ ਤੋਂ ਬਾਅਦ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਰਸਮੀ ਤੌਰ ’ਤੇ ਮੁੜ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲਸ ਦੀ ਇਕ ਟੀਮ ਇੱਥੇ ਪਹੁੰਚੀ ਹੈ।

ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪਿਛਲੇ 3 ਸਾਲਾਂ ਤੋਂ ਆਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ ’ਚ ਬੰਦ ਖਡੂਰ ਸਾਹਿਬ ਦੇ ਸੰਸਦ ਮੈਂਬਰ ਨੂੰ ਵੀਰਵਾਰ ਨੂੰ ਪੰਜਾਬ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਇਸੇ ਜੇਲ ’ਚ ਰੱਖਿਆ ਜਾਵੇਗਾ।

ਡਿਪਟੀ ਸੁਪਰਡੈਂਟ ਆਫ਼ ਪੁਲਸ (ਡੀ. ਐੱਸ. ਪੀ) ਰੈਂਕ ਦੇ ਇਕ ਅਧਿਕਾਰੀ ਦੀ ਅਗਵਾਈ ’ਚ ਅੰਮ੍ਰਿਤਸਰ (ਦਿਹਾਤੀ) ਤੋਂ ਪੰਜਾਬ ਪੁਲਸ ਦੀ ਇਕ ਟੀਮ ਫਰਵਰੀ 2023 ਦੇ ਅਜਨਾਲਾ ਥਾਣਾ ਹਮਲਾ ਮਾਮਲੇ ’ਚ ਗ੍ਰਿਫ਼ਤਾਰੀ ਦੀ ਪ੍ਰਕਿਰਿਆ ਪੂਰੀ ਕਰਨ ਲਈ 19 ਅਪ੍ਰੈਲ ਤੋਂ ਡਿਬਰੂਗੜ੍ਹ ’ਚ ਡੇਰਾ ਲਾਈ ਬੈਠੀ ਹੈ। ਅੰਮ੍ਰਿਤਪਾਲ ਨੂੰ ਅਜਨਾਲਾ ਥਾਣਾ ਹਮਲਾ ਮਾਮਲੇ ’ਚ ਘਟਨਾ ਦੇ ਲੱਗਭਗ 2 ਮਹੀਨੇ ਬਾਅਦ 23 ਅਪ੍ਰੈਲ, 2023 ਨੂੰ ਪਹਿਲੀ ਵਾਰ ਪੰਜਾਬ ਦੇ ਮੋਗਾ ਜ਼ਿਲਾ ਤੋਂ ਹਿਰਾਸਤ ’ਚ ਲਿਆ ਗਿਆ ਸੀ।

ਸਬੰਧਤ ਥਾਣਾ ਹਮਲਾ ਮਾਮਲੇ ਅਨੁਸਾਰ, ਅੰਮ੍ਰਿਤਪਾਲ ਅਤੇ ਉਸ ਦੇ ਹਥਿਆਰਬੰਦ ਸਮਰਥਕ ਕਥਿਤ ਤੌਰ ’ਤੇ ਬੈਰੀਕੇਡ ਤੋੜ ਕੇ ਅਜਨਾਲਾ ਥਾਣੇ ’ਚ ਦਾਖਲ ਹੋਏ ਸਨ ਅਤੇ ਆਪਣੇ ਇਕ ਸਾਥੀ ਦੀ ਰਿਹਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਭਿੜ ਗਏ ਸਨ। ਅੰਮ੍ਰਿਤਪਾਲ ਨੂੰ ਉਦੋਂ ਤੋਂ ਐੱਨ. ਐੱਸ. ਏ. ਤਹਿਤ ਡਿਬਰੂਗੜ੍ਹ ਜੇਲ ’ਚ ਰੱਖਿਆ ਗਿਆ ਹੈ।

ਇਕ ਅਧਿਕਾਰੀ ਨੇ ਕਿਹਾ ਕਿ ਰਸਮੀ ਗ੍ਰਿਫ਼ਤਾਰੀ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ ’ਚ ਹੀ ਰੱਖਿਆ ਜਾਵੇਗਾ, ਜਿਸ ਨਾਲ ਅਜਨਾਲਾ ਹਮਲਾ ਮਾਮਲੇ ’ਚ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਣ ਦਾ ਰਸਤਾ ਸਾਫ਼ ਹੋ ਜਾਵੇਗਾ।

Read More : ਆਰਥਿਕ ਸੰਕਟ ਤੋਂ ਬਾਅਦ ਸਰਕਾਰ ਨੇ ਪੰਜਾਬ ਨੂੰ ਬਿਜਲੀ ਸੰਕਟ ’ਚ ਧੱਕਿਆ: ਪਰਗਟ ਸਿੰਘ

Leave a Reply

Your email address will not be published. Required fields are marked *