Pargat Singh

ਆਰਥਿਕ ਸੰਕਟ ਤੋਂ ਬਾਅਦ ਸਰਕਾਰ ਨੇ ਪੰਜਾਬ ਨੂੰ ਬਿਜਲੀ ਸੰਕਟ ’ਚ ਧੱਕਿਆ: ਪਰਗਟ ਸਿੰਘ

ਮੰਗ ਤੇ ਸਪਲਾਈ ’ਚ 1500 ਮੈਗਾਵਾਟ ਦਾ ਪਾੜਾ, ਅਣਐਲਾਨੇ ਕੱਟਾਂ ਲਈ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ

ਚੰਡੀਗੜ੍ਹ, 22 ਅਪ੍ਰੈਲ : ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ’ਚ ਸਰਪਲੱਸ ਬਿਜਲੀ ਹੋਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਨੂੰ ਬਿਜਲੀ ਸੰਕਟ ’ਚ ਧੱਕ ਦਿੱਤਾ ਹੈ। ਪਹਿਲਾਂ ਲਗਾਤਾਰ ਕਰਜ਼ੇ ਲੈ ਕੇ ਪੰਜਾਬ ਨੂੰ ਆਰਥਿਕ ਸੰਕਟ ਵੱਲ ਧੱਕਿਆ ਗਿਆ ਤੇ ਹੁਣ ਜਨਤਾ ਨੂੰ ਬਿਜਲੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਖ਼ੁਦ ਵਿਦੇਸ਼ੀ ਦੌਰਿਆਂ ’ਚ ਰੁੱਝੇ ਹੋਏ ਹਨ, ਜਿਸ ਕਾਰਨ ਬਿਜਲੀ ਦੀ ਮੰਗ ਤੇ ਸਪਲਾਈ ’ਚ ਲਗਭਗ 1500 ਮੈਗਾਵਾਟ ਦਾ ਪਾੜਾ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਅਪ੍ਰੈਲ 2026 ਦੇ ਤੀਜੇ ਹਫ਼ਤੇ ’ਚ ਤੇਜ਼ ਗਰਮੀ ਦਰਮਿਆਨ ਪੰਜਾਬ ਭਰ ਦੇ ਸ਼ਹਿਰਾਂ ਅਤੇ ਪਿੰਡਾਂ ’ਚ 8 ਤੋਂ 10 ਘੰਟੇ ਦੇ ਗ਼ੈਰ-ਯੋਜਨਾਬੱਧ ਬਿਜਲੀ ਕੱਟ ਲਾਏ ਗਏ ਹਨ। ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਠਿੰਡਾ ਤੇ ਪਟਿਆਲਾ ’ਚ ਸਥਿਤੀ ਬੇਹੱਦ ਗੰਭੀਰ ਹੈ।

ਪਰਗਟ ਸਿੰਘ ਅਨੁਸਾਰ ਪਿਛਲੇ ਹਫ਼ਤੇ ਦੌਰਾਨ ਬਿਜਲੀ ਦੀ ਮੰਗ 6,500 ਮੈਗਾਵਾਟ ਤੋਂ ਵਧ ਕੇ 10,000 ਮੈਗਾਵਾਟ ਹੋ ਗਈ ਹੈ, ਪਰ ਪਾਵਰਕਾਮ ਇਸ ਨੂੰ ਪੂਰਾ ਕਰਨ ’ਚ ਅਸਮਰੱਥ ਹੈ। ਆਪਣੀਆਂ ਗ਼ਲਤੀਆਂ ਛੁਪਾਉਣ ਲਈ ਸੁੰਦਰੀਕਰਨ ਦੇ ਨਾਂ ’ਤੇ ਅਣਐਲਾਨੇ ਕੱਟ ਲਾਏ ਜਾ ਰਹੇ ਹਨ ਅਤੇ ਹੈਲਪਲਾਈਨ ਨੰਬਰਾਂ ਰਾਹੀਂ ਵੀ ਸਹੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ।

ਉਨ੍ਹਾਂ ਚਿਤਾਵਨੀ ਦਿੱਤੀ ਕਿ 28 ਅਪ੍ਰੈਲ ਤੋਂ ਬਾਅਦ ਜਿਉਂ ਹੀ ਝੋਨੇ ਦੀ ਬਿਜਾਈ ਸ਼ੁਰੂ ਹੋਵੇਗੀ, ਬਿਜਲੀ ਸਪਲਾਈ ਖੇਤੀਬਾੜੀ ਵੱਲ ਮੋੜ ਦਿੱਤੀ ਜਾਵੇਗੀ, ਜਿਸ ਨਾਲ ਆਮ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਬਿਜਲੀ ਸਰਪਲੱਸ ਹੋਣ ਦੇ ਦਾਅਵੇ ਖੋਖਲੇ ਸਾਬਤ ਹੋਏ ਹਨ ਅਤੇ ਸਰਕਾਰ ਪਾਵਰਕਾਮ ਦੇ ਘਾਟੇ ਨੂੰ ਪੂਰਾ ਕਰਨ ’ਚ ਅਸਫਲ ਰਹੀ ਹੈ। ਕੋਲਾ ਖਾਨ ਦੀ ਖ਼ਰੀਦ ਦੇ ਕੀਤੇ ਪ੍ਰਚਾਰ ਦੇ ਬਾਵਜੂਦ ਅੱਜ ਨਾ ਕੋਲਾ ਦਿਖਾਈ ਦੇ ਰਿਹਾ ਹੈ ਅਤੇ ਨਾ ਹੀ ਕੋਈ ਰਾਹਤ, ਸਗੋਂ ਲੋਕ ਇਸ ਭਿਆਨਕ ਗਰਮੀ ’ਚ ਬਿਜਲੀ ਕੱਟਾਂ ਕਾਰਨ ਦੁੱਖ ਝੱਲ ਰਹੇ ਹਨ।

Read More : ਆਂਗਣਵਾੜੀ ਕੇਂਦਰ ’ਚ ਹੈਲਪਰ ਦਾ ਕਤਲ

Leave a Reply

Your email address will not be published. Required fields are marked *