ਸੰਗਰੂਰ ਬੱਸ ਅੱਡੇ ਤੇ ਡਿਪੂ ਦੀ ਕੀਤੀ ਅਚਨਚੇਤ ਚੈਕਿੰਗ; ਸਫਾਈ ਪ੍ਰਬੰਧਾਂ, ਬੱਸਾਂ ਦੀ ਮੁਰੰਮਤ ਤੇ ਸਮੇਂ ਦੀ ਪਾਬੰਦੀ ’ਤੇ ਦਿੱਤਾ ਜ਼ੋਰ
ਸੰਗਰੂਰ, 25 ਅਪ੍ਰੈਲ : ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਅੱਜ ਸੰਗਰੂਰ ਡਿਪੂ ਅਤੇ ਸਥਾਨਕ ਬੱਸ ਅੱਡੇ ਦਾ ਅਚਨਚੇਤ ਦੌਰਾ ਕੀਤਾ। ਇਸ ਚੈਕਿੰਗ ਦਾ ਮੁੱਖ ਮਕਸਦ ਯਾਤਰੀਆਂ ਨੂੰ ਮਿਲ ਰਹੀਆਂ ਸਹੂਲਤਾਂ ਅਤੇ ਵਿਭਾਗ ਦੀ ਕਾਰਗੁਜ਼ਾਰੀ ਦਾ ਨੇੜਿਓਂ ਜਾਇਜ਼ਾ ਲੈਣਾ ਸੀ।
ਇਸ ਦੌਰਾਨ ਚੇਅਰਮੈਨ ਨੇ ਡਿਪੂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮੀਟਿੰਗ ਕਰਕੇ ਨਵੇਂ ਰੂਟਾਂ ਦੀ ਸ਼ੁਰੂਆਤ, ਰੋਜ਼ਾਨਾ ਆਮਦਨ ਅਤੇ ਬੱਸਾਂ ਦੀ ਔਸਤ (ਕੇ.ਐੱਮ.ਪੀ.ਐੱਲ.) ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਬੱਸ ਅੱਡੇ ਵਿੱਚ ਸਾਫ-ਸਫਾਈ ਦੇ ਪ੍ਰਬੰਧਾਂ, ਵਾਸ਼ਰੂਮਾਂ ਦੀ ਸਥਿਤੀ ਅਤੇ ਬੱਸਾਂ ਦੀ ਹਾਲਤ ਦੀ ਖੁਦ ਜਾਂਚ ਕੀਤੀ।
ਇਸ ਮੌਕੇ ਚੇਅਰਮੈਨ ਹਰਪਾਲ ਜੁਨੇਜਾ ਨੇ ਯਾਤਰੀਆਂ, ਡਰਾਈਵਰਾਂ ਅਤੇ ਕੰਡਕਟਰਾਂ ਨਾਲ ਸਿੱਧੀ ਗੱਲਬਾਤ ਕੀਤੀ। ਉਨ੍ਹਾਂ ਸਟਾਫ ਨੂੰ ਸਖ਼ਤ ਹਦਾਇਤ ਕੀਤੀ ਕਿ ਯਾਤਰੀਆਂ ਨੂੰ ਸੁਰੱਖਿਅਤ, ਸੁਵਿਧਾਜਨਕ ਅਤੇ ਸਮੇਂ ਸਿਰ ਸੇਵਾਵਾਂ ਦੇਣਾ ਪੀ.ਆਰ.ਟੀ.ਸੀ. ਦੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਜਨਤਾ ਵੱਲੋਂ ਪ੍ਰਾਪਤ ਲਿਖਤੀ ਜਾਂ ਜੁਬਾਨੀ ਸ਼ਿਕਾਇਤਾਂ ਦਾ ਨਿਪਟਾਰਾ ਤੁਰੰਤ ਕੀਤਾ ਜਾਵੇ।
ਇਸ ਦੌਰੇ ਦੌਰਾਨ ਚੇਅਰਮੈਨ ਨੇ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਨਾਲ ਸੁਣਿਆ। ਉਨ੍ਹਾਂ ਭਰੋਸਾ ਦਿੱਤਾ ਕਿ ਪੀ.ਆਰ.ਟੀ.ਸੀ. ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਲਈ ਅਜਿਹੀਆਂ ਅਚਨਚੇਤ ਚੈਕਿੰਗਾਂ ਭਵਿੱਖ ਵਿੱਚ ਵੀ ਨਿਰੰਤਰ ਜਾਰੀ ਰਹਿਣਗੀਆਂ।
ਇਸ ਮੌਕੇ ਜਨਰਲ ਮੈਨੇਜਰ ਪਟਿਆਲਾ ਜਤਿੰਦਰਪਾਲ ਗਰੇਵਾਲ ਅਤੇ ਜਨਰਲ ਮੈਨੇਜਰ ਸੰਗਰੂਰ ਮਨਿੰਦਰਪਾਲ ਸਿੱਧੂ ਸਮੇਤ ਵਿਭਾਗ ਦਾ ਹੋਰ ਸਟਾਫ ਵੀ ਮੌਜੂਦ ਸੀ।
Read More : 13 ਸਾਲਾ ਬੱਚੇ ਨਾਲ ਬਦਫ਼ੈਲੀ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ
