ਪੁਲਿਸ ਵੱਲੋਂ ਨਸ਼ਾ ਸਮੱਗਲਰਾਂ ਦੇ ਘਰ ਢਹਿ-ਢੇਰੀ

ਮੁਲਜ਼ਮਾਂ ਖਿਲਾਫ ਨਸ਼ਾ ਸਮੱਗਲਿੰਗ ਅਤੇ ਹੋਰ ਸੰਗੀਨ ਜੁਰਮਾਂ ਤਹਿਤ ਵੱਖ-ਵੱਖ 16 ਮੁਕੱਦਮੇ ਦਰਜ

ਬਠਿੰਡਾ, 23 ਜੁਲਾਈ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜ਼ਿਲਾ ਪੁਲਿਸ ਮੁਖੀ ਅਮਨੀਤ ਕੌਂਡਲ ਦੇ ਨਿਰਦੇਸ਼ਾ ਅਨੁਸਾਰ ਅੱਜ ਜ਼ਿਲਾ ਬਠਿੰਡਾ ਵਿਚ ਸਥਿਤ ਧੋਬੀਆਣਾ ਬਸਤੀ ਵਿਖੇ ਨਸ਼ਾ ਸਮੱਗਲਰਾਂ ਵੱਲੋਂ ਬਣਾਈਆਂ ਗਈਆਂ 2 ਨਾਜਾਇਜ਼ ਇਮਾਰਤਾਂ ਨੂੰ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਢਹਿ-ਢੇਰੀ ਕੀਤਾ ਗਿਆ।

ਇਸ ਮੌਕੇ ਐੱਸ. ਪੀ. ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਨੀਤੂ ਪਤਨੀ ਬਲਵੀਰ ਸਿੰਘ ਵਾਸੀ ਕਰਨ ਕਬਾੜੀਏ ਵਾਲੀ ਗਲੀ ਧੋਬੀਆਣਾ ਬਸਤੀ ਬਠਿੰਡਾ ਅਤੇ ਰਮੇਸ਼ ਸਾਹਨੀ ਉਰਫ ਰੈਂਬੋ ਪੁੱਤਰ ਮਜਨੂੰ ਸਾਹਨੀ ਵਾਸੀ ਗਲੀ ਨੰਬਰ 01 ਬਲਾਕ ਨੰਬਰ 43 ਬੇਅੰਤ ਸਿੰਘ ਨਗਰ ਬਠਿੰਡਾ ਵੱਲੋਂ ਇਹ ਇਮਾਰਤਾਂ ਗੈਰ ਕਾਨੂੰਨੀ ਢੰਗ ਨਾਲ ਉਸਾਰੀਆਂ ਗਈਆਂ ਸਨ।

ਇਸ ਸਬੰਧੀ ਸਮਰੱਥ ਅਥਾਰਟੀ ਡਿਪਟੀ ਕਮਿਸ਼ਨਰ-ਕਮ-ਮੈਜਿਸਟ੍ਰੇਟ ਵੱਲੋਂ ਢਾਉਣ ਮੌਕੇ ਪੁਲਿਸ ਸੁਰੱਖਿਆ ਪ੍ਰਬੰਧ ਕਰਨ ਲਈ ਹਦਾਇਤਾਂ ਪ੍ਰਾਪਤ ਹੋਈਆਂ ਸਨ, ਜਿਸ ਤੋਂ ਬਾਅਦ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਕਾਰਵਾਈ ਕਰਦਿਆਂ ਇਨ੍ਹਾਂ ਇਮਾਰਤਾਂ ਨੂੰ ਢਾਹਿਆ ਗਿਆ। ਇਨ੍ਹਾਂ ਵਿਰੁੱਧ ਨਸ਼ਾ ਸਮੱਗਲਿੰਗ ਅਤੇ ਹੋਰ ਸੰਗੀਨ ਜੁਰਮਾਂ ਦੇ ਤਹਿਤ ਵੱਖ-ਵੱਖ ਤਰ੍ਹਾਂ ਦੇ 16 ਮੁਕੱਦਮੇ ਦਰਜ ਹਨ।

ਉਨ੍ਹਾਂ ਦੱਸਿਆ ਉਕਤ ਵਲੋਂ ਉਸਾਰੀਆਂ ਗਈਆਂ ਇਮਾਰਤਾਂ ਦੇ ਮੱਦੇਨਜ਼ਰ ਇਨ੍ਹਾਂ ਨੂੰ ਕਈ ਵਾਰ ਨੋਟਿਸ ਵੀ ਦਿੱਤੇ ਗਏ ਸਨ, ਪ੍ਰੰਤੂ ਕਬਜ਼ਾਕਾਰੀਆਂ ਵਲੋਂ ਇਸ ਜਗ੍ਹਾ ਨੂੰ ਖਾਲੀ ਨਾ ਕਰਨ ਕਰ ਕੇ ਇਥੇ ਬੁਲਡੋਜ਼ਰ ਦੀ ਕਾਰਵਾਈ ਅਮਲ ’ਚ ਲਿਆਂਦੀ ਗਈ।

ਹੁਣ ਤੱਕ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ 821 ਮੁਕੱਦਮੇ ਦਰਜ ਕਰ ਕੇ 1276 ਮੁਲਜ਼ਮ ਕੀਤੇ ਗ੍ਰਿਫਤਾਰ

ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਕਾਰਵਾਈ ਕਰਦਿਆਂ 1 ਮਾਰਚ 2025 ਤੋਂ ਹੁਣ ਤੱਕ 821 ਮੁਕੱਦਮੇ ਦਰਜ ਕਰ ਕੇ 1276 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚ 37 ਵੱਡੇ ਨਸ਼ਾ ਸਮੱਗਲਰਾਂ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਸਾਲ 2023 ਤੋਂ ਹੁਣ ਤੱਕ ਨਸ਼ਾ ਸਮੱਗਲਰਾਂ ਦੀ 10 ਕਰੋੜ 5 ਲੱਖ ਦੇ ਕਰੀਬ ਦੀ ਜਾਇਦਾਦ ਫਰੀਜ ਕੀਤੀ ਗਈ ਹੈ।

ਇਸ ਦੌਰਾਨ ਪੁਲਿਸ ਨੇ ਆਮ ਲੋਕਾਂ ਨੂੰ ਪਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਕੋਹੜ ਨੂੰ ਜੜੋ ਖਤਮ ਕਰਨ ਲਈ ਪੁਲਿਸ ਨੂੰ ਤੁਹਾਡੇ ਸਭ ਦੇ ਸਹਿਯੋਗ ਦੀ ਪੂਰਨ ਲੋੜ ਹੈ।

Leave a Reply

Your email address will not be published. Required fields are marked *