ਗਲਤ ਸਾਈਡ ਤੋਂ ਆ ਰਹੀ ਕਾਰ ਨੇ ਪਾਇਲਟ ਗੱਡੀ ਨੂੰ ਮਾਰੀ ਟੱਕਰ, 4 ਪੁਲਸ ਮੁਲਾਜ਼ਮ ਅਤੇ ਕਾਰ ਚਾਲਕ ਜ਼ਖਮੀ
ਕਲਾਨੌਰ, 15 ਅਕਤੂਬਰ : ਅੱਜ ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਨੂੰ ਜਾਂਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦੇ ਕਾਫਿਲੇ ਵਿਚ ਡੀ. ਸੀ. ਦਫਤਰ ਦੀ ਪਾਇਲਟ ਗੱਡੀ ਦੀ ਗਲਤ ਸਾਈਡ ਤੋਂ ਆ ਰਹੀ ਇਕ ਕਾਰ ਨਾਲ ਆਹਮੋ ਸਾਹਮਣੇ ਟੱਕਰ ਹੋ ਜਾਣ ਕਾਰਨ 4 ਪੁਲਸ ਮੁਲਾਜ਼ਮ ਅਤੇ ਇਕ ਕਾਰ ਚਾਲਕ ਗੰਭੀਰ ਜ਼ਖਮੀ ਹੋ ਗਏ।
ਇਸ ਦੌਰਾਨ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਅਤੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਖੁਦ ਜ਼ਖਮੀਆਂ ਨੂੰ ਗੱਡੀਆਂ ’ਚੋਂ ਬਾਹਰ ਕੱਢਿਆ ਗਿਆ ਅਤੇ ਕਾਫਿਲੇ ਵਿਚ ਮੌਜੂਦ ਐਂਬੂਲੈਂਸ ਰਾਹੀਂ ਉਨ੍ਹਾਂ ਨੂੰ ਸੀ. ਐੱਚ. ਸੀ. ਕਲਾਨੌਰ ’ਚ ਦਾਖਲ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਅੱਜ ਕੈਬਨਿਟ ਹਰਭਜਨ ਸਿੰਘ ਈ. ਟੀ. ਓ. ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਅੱਜ ਆਪਣੇ ਕਾਫਿਲੇ ਦੇ ਨਾਲ ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਜਾ ਰਹੇ ਸਨ ਕਿ ਜਦ ਉਹ ਕਲਾਨੌਰ ਦੇ ਨਜ਼ਦੀਕ ਪੈਂਦੇ ਪਿੰਡ ਨੜਾਵਾਲੀ ਨੈਸ਼ਨਲ ਹਾਈਵੇ ’ਤੇ ਪਹੁੰਚੇ ਤਾਂ ਸਾਹਮਣੇ ਤੋਂ ਗਲਤ ਸਾਈਡ ਤੋਂ ਆ ਰਹੀ ਇਕ ਕਾਰ ਨਾਲ ਕਾਫਿਲੇ ਵਿਚ ਡੀ. ਸੀ ਦਫਤਰ ਦੀ ਪਾਇਲਟ ਗੱਡੀ ਦੀ ਆਹਮੋ ਸਾਹਮਣੇ ਟੱਕਰ ਹੋ ਗਈ।
ਇਸ ਦੌਰਾਨ ਪਾਇਲਟ ਗੱਡੀ ’ਚ ਮੌਜੂਦ 4 ਪੁਲਸ ਮੁਲਾਜ਼ਮ ਅਤੇ ਦੂਸਰੀ ਗੱਡੀ ਦਾ ਚਾਲਕ ਗੰਭੀਰ ਜ਼ਖਮੀ ਹੋ ਗਿਆ, ਜਿਨ੍ਹਾਂ ਨੂੰ ਕੈਬਨਿਟ ਮੰਤਰੀ ਹਰਭਜਨ ਸਿੰਘ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਵੱਲੋਂ 108 ਐਂਬੂਲੈਂਸ ਰਾਹੀਂ ਸੀ. ਐੱਚ. ਸੀ. ਕਲਾਨੌਰ ’ਚ ਦਾਖਲ ਕਰਵਾਇਆ ਗਿਆ।
ਇਸ ਸਬੰਧੀ ਸੀ. ਐੱਚ. ਸੀ. ਕਲਾਨੌਰ ਦੇ ਐੱਸ. ਐੱਮ. ਓ. ਡਾ. ਰਮੇਸ਼ ਕੁਮਾਰ ਅੱਤਰੀ ਨੇ ਕਿਹਾ ਕਿ ਹਸਪਤਾਲ ਦੇ ਡਾਕਟਰਾਂ ਵੱਲੋਂ ਜ਼ਖਮੀ ਪੁਲਸ ਮੁਲਾਜ਼ਮਾਂ ਅਤੇ ਇਕ ਵਿਅਕਤੀ ਨੂੰ ਫਸਟ ਏਡ ਦੇਣ ਤੋਂ ਬਾਅਦ ਉਨ੍ਹਾਂ ਨੂੰ ਜ਼ਰੂਰੀ ਟੈਸਟ ਅਤੇ ਬਿਹਰਤ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ’ਚ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਦੀ ਪਛਾਣ ਸੰਦੀਪ ਕੁਮਾਰ, ਬਲਕਾਰ ਸਿੰਘ, ਸੰਦੀਪ ਕੁਮਾਰ, ਰਜਿੰਦਰ ਕੁਮਾਰ, ਬਲਵਿੰਦਰ ਸਿੰਘ ਵਜੋਂ ਹੋਈ ਹੈ।
Read More : ਕੈਬਨਿਟ ਮੰਤਰੀ ਚੀਮਾ ਨੇ ਦਿੜ੍ਹਬਾ ਵਿਖੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ