ਵਿਆਹ ਸਮਾਗਮ ’ਚ ਜਾ ਰਹੀਆਂ ਸਨ ਲੜਕੀਆਂ; ਗਲਤ ਪਾਸਿਓਂ ਆ ਰਹੇ ਟੈਂਕਰ ਨੇ ਮਾਰੀ ਜ਼ੋਰਦਾਰ ਟੱਕਰ
ਮੁਕੇਰੀਆਂ, 10 ਮਾਰਚ : ਸਥਾਨਕ ਮੁਕੇਰੀਆਂ ਫਿਲਿੰਗ ਸਟੇਸ਼ਨ ਨੇੜੇ ਇਕ ਤੇਲ ਟੈਂਕਰ ਅਤੇ ਸਕੂਟਰੀ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ ’ਚ ਸਕੂਟੀ ਸਵਾਰ ਦੋ ਨੌਜਵਾਨ ਲੜਕੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਕਾਰਨ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ ਹੈ।
ਏ.ਐੱਸ.ਆਈ. ਰਾਮ ਸਿੰਘ ਨੇ ਦੱਸਿਆ ਕਿ ਆਂਚਲ (21) ਪੁੱਤਰੀ ਬਲਵੰਤ ਸਿੰਘ ਅਤੇ ਰਾਗਿਨੀ ਕੁਮਾਰੀ (18) ਪੁੱਤਰੀ ਵਿਜੇ ਕੁਮਾਰ, ਦੋਵੇਂ ਵਾਸੀ ਗੁਰਦੁਆਰਾ ਕਲਗੀਧਰ ਕਾਲੋਨੀ (ਮੁਕੇਰੀਆਂ), ਅੱਜ ਆਪਣੀ ਸਕੂਟੀ ’ਤੇ ਸਵਾਰ ਹੋ ਕੇ ਰੇਲਵੇ ਸਟੇਸ਼ਨ ਨੇੜੇ ‘ਵੈਸਟਰਨ ਵਿਲਾ’ ਵਿਖੇ ਇਕ ਰਿਸ਼ਤੇਦਾਰ ਦੇ ਵਿਆਹ ਸਮਾਗਮ ’ਚ ਸ਼ਾਮਲ ਹੋਣ ਲਈ ਜਾ ਰਹੀਆਂ ਸਨ। ਮੁੱਖ ਸੜਕ ’ਤੇ ਭਾਰੀ ਭੀੜ ਹੋਣ ਕਾਰਨ ਉਹ ਸਰਵਿਸ ਲੇਨ ਰਾਹੀਂ ਜਾ ਰਹੀਆਂ ਸਨ।
ਜਿਵੇਂ ਹੀ ਉਹ ਘਟਨਾ ਵਾਲੀ ਥਾਂ ’ਤੇ ਪਹੁੰਚੀਆਂ ਤਾਂ ਸਾਹਮਣੇ ਤੋਂ ਗਲਤ ਪਾਸਿਓਂ ਆ ਰਹੇ ਇਕ ਤੇਲ ਟੈਂਕਰ (ਨੰਬਰ ਪੀ.ਬੀ. 08.ਈ.ਐੱਮ.-7288) ਨੇ ਸਕੂਟਰੀ ਨੂੰ ਸਿੱਧੀ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਦੋਵੇਂ ਲੜਕੀਆਂ ਸੜਕ ’ਤੇ ਡਿੱਗ ਗਈਆਂ ਅਤੇ ਤੇਲ ਟੈਂਕਰ ਉਨ੍ਹਾਂ ਦੇ ਉੱਪਰੋਂ ਲੰਘ ਗਿਆ। ਹਾਦਸੇ ’ਚ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Read More : ਚਾਂਦੀ ’ਚ 10,000 ਰੁਪਏ ਦਾ ਵੱਡਾ ਉਛਾਲ, ਸੋਨਾ ਵੀ 900 ਰੁਪਏ ਹੋਇਆ ਮਜ਼ਬੂਤ
