ਕਾਲਾਬਾਜ਼ਾਰੀ ਕਰਨ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ : ਵਰਜੀਤ ਵਾਲੀਆ
ਪਟਿਆਲਾ, 12 ਮਾਰਚ : ਪਟਿਆਲਾ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੈਟਰੋਲ, ਡੀਜ਼ਲ ਅਤੇ ਗੈਸ ਦੀ ਸਪਲਾਈ ਨੂੰ ਲੈ ਕੇ ਘਬਰਾਉਣ ਨਾ। ਉਨ੍ਹਾਂ ਕਿਹਾ ਕਿ ਖਾੜੀ ਦੇਸ਼ਾਂ ਵਿੱਚ ਜੰਗ ਵਰਗੀ ਸਥਿਤੀ ਕਾਰਨ ਲੋਕ ਡਰ ਕੇ ਵਾਧੂ ਖਰੀਦਦਾਰੀ ਕਰ ਰਹੇ ਹਨ, ਜਦਕਿ ਸਪਲਾਈ ਬਿਲਕੁਲ ਨਿਰਵਿਘਨ ਜਾਰੀ ਰਹੇਗੀ।
ਡਿਪਟੀ ਕਮਿਸ਼ਨਰ ਨੇ ਪੈਟਰੋਲ ਪੰਪ ਅਤੇ ਗੈਸ ਏਜੰਸੀਆਂ ਦੇ ਮਾਲਕਾਂ ਨਾਲ ਮੀਟਿੰਗ ਕਰਦਿਆਂ ਹਦਾਇਤ ਕੀਤੀ ਕਿ ਲੋਕਾਂ ਨੂੰ ਤੇਲ ਅਤੇ ਗੈਸ ਦੀ ਸਪਲਾਈ ਵਿੱਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 290 ਪੈਟਰੋਲ ਪੰਪਾਂ ਅਤੇ 58 ਗੈਸ ਏਜੰਸੀਆਂ ਰਾਹੀਂ ਸਪਲਾਈ ਜਾਰੀ ਹੈ। ਸਰਕਾਰ ਦੀ ਮੁੱਖ ਤਰਜੀਹ ਘਰੇਲੂ ਵਰਤੋਂ ਹੈ, ਇਸ ਲਈ ਵਪਾਰਕ ਸਪਲਾਈ ਨੂੰ 31 ਮਾਰਚ ਤੱਕ ਕੁਝ ਘਟਾਇਆ ਗਿਆ ਹੈ, ਪਰ ਹਸਪਤਾਲਾਂ ਅਤੇ ਵਿਦਿਅਕ ਸੰਸਥਾਵਾਂ ਨੂੰ ਕੋਈ ਕਮੀ ਨਹੀਂ ਆਵੇਗੀ।
ਤੇਲ ਕੰਪਨੀਆਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਲੋਕ ਡਰ ਕਾਰਨ ਲਗਾਤਾਰ ਬੁਕਿੰਗ ਕਰ ਰਹੇ ਹਨ, ਜਿਸ ਨਾਲ ਸਰਵਰ ‘ਤੇ ਦਬਾਅ ਪੈ ਰਿਹਾ ਹੈ। ਜਮ੍ਹਾਂਖੋਰੀ ਰੋਕਣ ਲਈ ਦੋ ਸਿਲੰਡਰਾਂ ਦੀ ਬੁਕਿੰਗ ਵਿਚਕਾਰ 25 ਦਿਨਾਂ ਦਾ ਅੰਤਰ ਰੱਖਿਆ ਗਿਆ ਹੈ। ਗਾਹਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸ਼ਾਮ 6 ਵਜੇ ਤੋਂ ਸਵੇਰੇ 9 ਵਜੇ ਦੇ ਵਿਚਕਾਰ ਬੁਕਿੰਗ ਕਰਨ।
ਵਰਜੀਤ ਵਾਲੀਆ ਨੇ ਸਪੱਸ਼ਟ ਕੀਤਾ ਕਿ ਇਸ ਸਥਿਤੀ ਦਾ ਫਾਇਦਾ ਉਠਾ ਕੇ ਕਾਲਾਬਾਜ਼ਾਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ‘ਤੇ ਵਿਸ਼ਵਾਸ ਨਾ ਕਰਨ ਅਤੇ ਜੇਕਰ ਕਿਤੇ ਕਾਲਾਬਾਜ਼ਾਰੀ ਹੋ ਰਹੀ ਹੋਵੇ, ਤਾਂ ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕਰਨ।
Read More : 590 ਕਰੋੜ ਦੇ ਘੁਟਾਲੇ ਮਾਮਲੇ ‘ਚ ਈ.ਡੀ. ਦੀ ਵੱਡੀ ਕਾਰਵਾਈ: ਚੰਡੀਗੜ੍ਹ ‘ਚ 19 ਥਾਵਾਂ ‘ਤੇ ਛਾਪੇਮਾਰੀ
