Hardeep-Mundian

ਮਾਨ ਸਰਕਾਰ ਦੇ 4 ਸਾਲਾਂ ਦੇ ਕੰਮ 70 ਸਾਲਾਂ ‘ਤੇ ਭਾਰੀ : ਹਰਦੀਪ ਮੁੰਡੀਆਂ

ਕੈਬਨਿਟ ਮੰਤਰੀ ਵੱਲੋਂ ਬਜਟ ਦੀ ਸ਼ਲਾਘਾ; ਕਿਹਾ- ਇਹ ਬਜਟ ਖੁਸ਼ਹਾਲ ਪੰਜਾਬ ਦੀ ਨੀਂਹ ਰੱਖੇਗਾ

ਚੰਡੀਗੜ੍ਹ, 12 ਮਾਰਚ : ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਵਿਧਾਨ ਸਭਾ ਵਿੱਚ ਬਜਟ ਬਹਿਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਬਜਟ ਦੀ ਜ਼ੋਰਦਾਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਬਜਟ ਸਮਾਜ ਦੇ ਹਰ ਵਰਗ ਦੀ ਭਲਾਈ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ। ਮੰਤਰੀ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿੱਚ ਉਹ ਇਨਕਲਾਬੀ ਕੰਮ ਕੀਤੇ ਹਨ ਜੋ ਪਿਛਲੇ 70 ਸਾਲਾਂ ਤੋਂ ਲਟਕ ਰਹੇ ਸਨ।

ਸਿੱਖਿਆ ਅਤੇ ਸਿਹਤ ਵਿੱਚ ਕ੍ਰਾਂਤੀ

ਮੰਤਰੀ ਮੁੰਡੀਆਂ ਨੇ ਦੱਸਿਆ ਕਿ ਸੂਬੇ ਵਿੱਚ “ਸਿੱਖਿਆ ਕ੍ਰਾਂਤੀ” ਆਈ ਹੈ। ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੂੰ ਵਿਸ਼ਵ ਪੱਧਰੀ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਵੱਡੀ ਗਿਣਤੀ ਵਿੱਚ ਨਵੇਂ ਅਧਿਆਪਕ ਭਰਤੀ ਕੀਤੇ ਗਏ ਹਨ। ਸਿਹਤ ਖੇਤਰ ਵਿੱਚ ‘ਆਮ ਆਦਮੀ ਕਲੀਨਿਕ’ ਅਤੇ ‘ਮੁੱਖ ਮੰਤਰੀ ਸਿਹਤ ਯੋਜਨਾ’ ਰਾਹੀਂ ਲੋਕਾਂ ਨੂੰ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਰੁਜ਼ਗਾਰ, ਬਿਜਲੀ ਅਤੇ ਉਦਯੋਗਿਕ ਸੁਧਾਰ

ਸਰਕਾਰ ਨੇ ਹਜ਼ਾਰਾਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਰੁਜ਼ਗਾਰ ਦੇ ਮੌਕੇ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਅੱਜ ਪੰਜਾਬ ਦੇ ਲਗਭਗ 90 ਫੀਸਦੀ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ। ਬਿਜਲੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਰਕਾਰ ਨੇ 540 ਮੈਗਾਵਾਟ ਦਾ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਖਰੀਦਣ ਦਾ ਇਤਿਹਾਸਕ ਫੈਸਲਾ ਲਿਆ ਹੈ। ਉਦਯੋਗਿਕ ਮਾਹੌਲ ਸੁਧਾਰਨ ਲਈ ‘ਨਿਵੇਸ਼ਕ ਸੰਮੇਲਨ’ ਕਰਵਾਏ ਗਏ ਹਨ ਤਾਂ ਜੋ ਸੂਬੇ ਵਿੱਚ ਨਿਵੇਸ਼ ਵਧੇ।

ਖੇਤੀਬਾੜੀ ਅਤੇ ਪੇਂਡੂ ਵਿਕਾਸ

ਕਿਸਾਨਾਂ ਲਈ ਗੰਨੇ ਦੀ ਕੀਮਤ ਵਧਾਈ ਗਈ ਹੈ ਅਤੇ ਖੇਤੀ ਲਈ 8 ਘੰਟੇ ਨਿਰਵਿਘਨ ਬਿਜਲੀ ਯਕੀਨੀ ਬਣਾਈ ਗਈ ਹੈ। ਨਹਿਰੀ ਪਾਣੀ ਨੂੰ ਟੇਲ ਐਂਡ (ਆਖਰੀ ਸਿਰੇ) ਤੱਕ ਪਹੁੰਚਾਇਆ ਗਿਆ ਹੈ ਤਾਂ ਜੋ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕੇ। ਇਸ ਤੋਂ ਇਲਾਵਾ 4,000 ਕਿਲੋਮੀਟਰ ਤੋਂ ਵੱਧ ਪੇਂਡੂ ਲਿੰਕ ਸੜਕਾਂ ਨੂੰ ਨਵਾਂ ਰੂਪ ਦਿੱਤਾ ਗਿਆ ਹੈ।

ਸਮਾਜਿਕ ਭਲਾਈ ਅਤੇ ਸੁਰੱਖਿਆ

ਮੰਤਰੀ ਨੇ ‘ਸਾਡੇ ਬਜ਼ੁਰਗ, ਸਦਾ ਮਾਨ’ ਅਤੇ ਔਰਤਾਂ ਲਈ ‘ਮਿਸ਼ਨ ਜੀਵਨਜਯੋਤ’ ਵਰਗੀਆਂ ਯੋਜਨਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਵੀ ਲੋਕਾਂ ਵੱਲੋਂ ਕਾਫੀ ਸ਼ਲਾਘਾ ਹੋ ਰਹੀ ਹੈ। ਨਸ਼ਿਆਂ ਵਿਰੁੱਧ ਵਿਆਪਕ ਮੁਹਿੰਮ ਅਤੇ ਗੈਂਗਸਟਰਾਂ ਵਿਰੁੱਧ ਸਖ਼ਤ ਕਾਰਵਾਈ ਨੇ ਕਾਨੂੰਨ ਵਿਵਸਥਾ ਵਿੱਚ ਸੁਧਾਰ ਕੀਤਾ ਹੈ ਅਤੇ ਲੋਕਾਂ ਦਾ ਵਿਸ਼ਵਾਸ ਬਹਾਲ ਕੀਤਾ ਹੈ।

ਖੇਡਾਂ ਅਤੇ ਸਿਹਤਮੰਦ ਜੀਵਨ

‘ਖੇਡਾਂ ਵਤਨ ਪੰਜਾਬ ਦੀਆਂ’ ਅਤੇ ‘ਮੁੱਖ ਮੰਤਰੀ ਯੋਗਸ਼ਾਲਾ’ ਵਰਗੇ ਪ੍ਰੋਗਰਾਮਾਂ ਰਾਹੀਂ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

Read More : ਤੇਲ ਅਤੇ ਗੈਸ ਦੀ ਕਿੱਲਤ ਸਿਰਫ਼ ਅਫ਼ਵਾਹ, ਘਬਰਾ ਕੇ ਜਮ੍ਹਾਂਖੋਰੀ ਨਾ ਕਰਨ ਲੋਕ : ਡੀ. ਸੀ.

Leave a Reply

Your email address will not be published. Required fields are marked *