ਦਸੂਹਾ, 15 ਅਕਤੂਬਰ : ਕੌਮੀ ਰਾਜ ਮਾਰਗ ਦਸੂਹਾ ਨਜ਼ਦੀਕ ਕਸਬਾ ਉੱਚੀ ਬੱਸੀ ਵਿਖੇ ਇਕ ਕਾਰ ਦੇ ਡਿਵਾਈਡਰ ਤੇ ਦਰੱਖਤ ਨਾਲ ਟਕਰਾਉਣ ਕਾਰਨ ਮਾਂ-ਪੁੱਤ ਦੀ ਮੌਕੇ ’ਤੇ ਮੌਤ ਹੋਣ ਤੇ 2 ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ।
ਜਾਣਕਾਰੀ ਅਨੁਸਾਰ ਸ਼ਕਤੀ ਸਿੰਘ ਪੁੱਤਰ ਸੁਭਾਸ਼ ਸਿੰਘ ਵਾਸੀ ਜੰਮੂ ਕਸ਼ਮੀਰ ਅਾਪਣੀ ਪਤਨੀ ਮੀਰਾ ਮਿਨਹਾਸ, ਧੀ ਤਮੰਨਾ ਤੇ ਪੁੱਤਰ ਹਰੀਆਂਸ ਨਾਲ ਜੰਮੂ ਕਸ਼ਮੀਰ ਤੋਂ ਸ਼੍ਰੀ ਖਾਟੂਸ਼ਿਆਮ ਮੰਦਰ ਰਾਜਸਥਾਨ ਵਿਖੇ ਅਾਪਣੀ ਕਾਰ ’ਚ ਸਵਾਰ ਹੋ ਕੇ ਜਾ ਰਹੇ ਸਨ। ਬਾਅਦ ਦੁਪਹਿਰ ਕਰੀਬ 3 ਵਜੇ ਕਸਬਾ ਉੱਚੀ ਬੱਸੀ ਨਜ਼ਦੀਕ ਅਚਾਨਕ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਡਿਵਾਈਡਰ ਵਿਚ ਟਕਰਾਈ ਅਤੇ ਫਿਰ ਸੜਕ ’ਤੇ ਲੱਗੇ ਸਫੈਦੇ ਦੇ ਦਰੱਖਤ ਵਿਚ ਜਾ ਵੱਜੀ,
ਜਿਸ ਦੇ ਸਿੱਟੇ ਵਜੋਂ ਮੀਰਾ ਮਿਨਹਾਸ ਪਤਨੀ ਸ਼ਕਤੀ ਸਿੰਘ (32 ਸਾਲ) ਅਤੇ ਹਰੀਆਂਸ਼ ਪੁੱਤਰ ਸ਼ਕਤੀ ਸਿੰਘ (7 ਸਾਲ) ਦੀ ਮੌਕੇ ’ਤੇ ਹੀ ਮੌਤ ਹੋ ਗਈ। ਸ਼ਕਤੀ ਸਿੰਘ ਤੇ ਉਸਦੀ ਧੀ ਤਮੰਨਾ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਦਸੂਹਾ ਵਿਖੇ ਲਿਆਂਦਾ ਗਿਆ।
ਇਸ ਤੋਂ ਪਹਿਲਾਂ ਮੌਕੇ ’ਤੇ ਹਾਜ਼ਰ ਲੋਕਾਂ ਨੇ ਹਾਦਸਾਗ੍ਰਸਤ ਕਾਰ ਵਿਚੋਂ ਲਾਸ਼ਾਂ ਤੇ ਜ਼ਖਮੀਆਂ ਨੂੰ ਬਾਹਰ ਕੱਢਿਆ। ਥਾਣਾ ਮੁਖੀ ਦਸੂਹਾ ਬਲਜਿੰਦਰ ਸਿੰਘ ਮੱਲੀ ਅਤੇ ਜਾਂਚ ਅਧਿਕਾਰੀ ਏ.ਐੱਸ.ਆਈ. ਦਿਲਦਾਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਗਏ। ਹਾਦਸੇ ’ਚ ਮਾਰੇ ਗਏ ਮਾਂ-ਪੁੱਤ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦਸੂਹਾ ਦੇ ਲਾਸ਼ ਘਰ ਵਿਚ ਰੱਖਿਆ ਗਿਆ ਅਤੇ ਗੰਭੀਰ ਜ਼ਖਮੀ ਪਿਓ-ਧੀ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।
ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਡਾ. ਮਨਮੋਹਨ ਸਿੰਘ ਤੇ ਐਮਰਜੈਸੀ ’ਚ ਤਾਇਨਾਤ ਡਾ. ਗੁਲਜੋਤ ਸਿੰਘ ਨੇ ਦੱਸਿਆ ਕਿ ਤਮੰਨਾ ਦੀ ਬਾਂਹ ਟੁੱਟ ਗਈ ਹੈ, ਜਿਸ ਦੇ ਪਲਸਤਰ ਕਰ ਦਿੱਤਾ ਗਿਆ ਅਤੇ ਜ਼ਖਮੀ ਸ਼ਕਤੀ ਸਿੰਘ ਦਾ ਵੀ ਇਲਾਜ ਕੀਤਾ ਗਿਆ। ਜਾਂਚ ਅਧਿਕਾਰੀ ਏ.ਐੱਸ.ਆਈ. ਦਿਲਦਾਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Read More : ਭਗਵੰਤ ਮਾਨ ਨੇ ਬੈਂਗਲੁਰੂ ਵਿਚ ਪ੍ਰਮੁੱਖ ਉਦਯੋਗਪਤੀਆਂ ਨਾਲ ਕੀਤੀ ਮੁਲਾਕਾਤ