78 ਫਿਰ ਗ੍ਰਿਫਤਾਰ, ਇਕ ਦੀ ਗੋਲੀ ਲੱਗਣ ਨਾਲ ਮੌਤ
ਕਰਾਚੀ, 3 ਜੂਨ : ਬੀਤੀ ਦੇਰ ਰਾਤ ਕਰਾਚੀ ਦੀ ਮਲੀਰ ਜ਼ਿਲਾ ਜੇਲ੍ਹ ’ਚੋਂ 200 ਤੋਂ ਵੱਧ ਕੈਦੀ ਭੱਜਣ ’ਚ ਸਫਲ ਰਹੇ, ਜਿਨ੍ਹਾਂ ’ਚੋਂ 78 ਨੂੰ ਫਿਰ ਗ੍ਰਿਫਤਾਰ ਕਰ ਲਿਆ, ਜਦਕਿ ਇਕ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ।
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਸਿੰਧ ਦੇ ਇੰਸਪੈਕਟਰ ਜਨਰਲ ਆਫ਼ ਪੁਲਸ ਗੁਲਾਮ ਨਬੀ ਮੇਮਨ ਨੇ ਮੰਗਲਵਾਰ ਨੂੰ ਕਿਹਾ ਕਿ ਭੂਚਾਲ ਕਾਰਨ ਗਿਣਤੀ ਲਈ ਬੈਰਕਾਂ ’ਚੋਂ ਸੋਮਵਾਰ ਦੇਰ ਰਾਤ 200 ਤੋਂ ਵੱਧ ਕੈਦੀ ਮਲੀਰ ਜੇਲ੍ਹ ’ਚੋਂ ਭੱਜਣ ਵਿਚ ਕਾਮਯਾਬ ਰਹੇ, ਜਿਨ੍ਹਾਂ ’ਚੋਂ 78 ਨੂੰ ਦੁਬਾਰਾ ਗ੍ਰਿਫ਼ਤਾਰ ਕਰ ਲਿਆ, ਜਦੋਂ ਕਿ ਬਾਕੀ 138 ਅਜੇ ਵੀ ਪੁਲਸ ਦੀ ਪਹੁੰਚ ਤੋਂ ਬਾਹਰ ਹਨ।
ਇਲਾਕੇ ’ਚ ਆਏ ਭੂਚਾਲ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਦੁਪਹਿਰ 12-45 ਵਜੇ ਦੇ ਕਰੀਬ ਗਿਣਤੀ ਲਈ ਜੇਲ੍ਹ ’ਚ ਬੰਦ ਲਗਭਗ 2,000 ਕੈਦੀਆਂ ਨੂੰ ਬੈਰਕਾਂ ਤੋਂ ਬਾਹਰ ਕੱਢਿਆ। ਜ਼ਿਆਦਾਤਰ ਕੈਦੀ ਨਸ਼ੇੜੀ ਸਨ। ਜਦੋਂ ਉਨ੍ਹਾਂ ਨੂੰ ਜੇਲ੍ਹ ਬੈਰਕਾਂ ’ਚ ਵਾਪਸ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਜ਼ਿਆਦਾਤਰ ਕੈਦੀ ਜੇਲ੍ਹ ’ਚੋਂ ਭੱਜਣ ਲੱਗ ਪਏ, ਜਿਸ ’ਤੇ ਜੇਲ੍ਹ ਕਰਮਚਾਰੀਆਂ ਨੇ ਉਨ੍ਹਾਂ ਨੂੰ ਪਿੱਛੇ ਧੱਕਣ ਲਈ ਹਵਾ ’ਚ ਭਾਰੀ ਗੋਲੀਬਾਰੀ ਕੀਤੀ।
ਉਨ੍ਹਾਂ ਕਿਹਾ ਕਿ ਐਫਸੀ ਨੇ ਕਰੀਬ 700 ਰਾਊਂਡ ਫਾਇਰ ਕੀਤੇ, ਉੱਥੇ ਲਗਭਗ 2,000 ਕੈਦੀ ਸਨ ਅਤੇ ਉਨ੍ਹਾਂ ’ਚੋਂ ਕੁੱਲ 213 ਭੱਜਣ ’ਚ ਸਫਲ ਹੋ ਗਏ। ਕਾਨੂੰਨ ਲਾਗੂ ਕਰਨ ਵਾਲਿਆਂ ਨੇ ਇਕ ਕਾਰਵਾਈ ਸ਼ੁਰੂ ਕੀਤੀ, ਜਿਸ ’ਚ 78 ਕੈਦੀਆਂ ਨੂੰ ਮੁੜ ਕਾਬੂ ਕਰ ਲਿਆ। ਆਈਜੀ ਸਿੰਧ ਨੇ ਪੁਸ਼ਟੀ ਕੀਤੀ ਕਾਰਵਾਈ ਦੌਰਾਨ, ਇਕ ਕੈਦੀ ਨੂੰ ਗੋਲੀ ਮਾਰ ਦਿੱਤੀ, ਜਦੋਂ ਕਿ 2 ਹੋਰ ਜ਼ਖਮੀ ਹੋ ਗਏ।
Read More : ਕੇਂਦਰੀ ਜੇਲ ’ਚ ਭਾਈ ਰਾਜੋਆਣਾ ਨੂੰ ਮਿਲੇ ਜਥੇਦਾਰ ਗੜਗੱਜ