150 ਮੈਂਬਰਾਂ ਨੂੰ ਦਿੱਤੇ ਵਿਸ਼ੇਸ਼ ਸਨਮਾਨ
ਲੁਧਿਆਣਾ, 15 ਅਪ੍ਰੈਲ : ਲੁਧਿਆਣਾ ਦੀ ਸੀਟੀ ਯੂਨੀਵਰਸਿਟੀ ਵਿੱਚ ਸਾਲਾਨਾ ਧੰਨਵਾਦ ਸਮਾਗਮ ‘ਆਭਾਰ 2026’ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸੰਸਥਾ ਦੇ 1000 ਤੋਂ ਵੱਧ ਕਰਮਚਾਰੀਆਂ ਨੇ ਭਾਗ ਲਿਆ। ਇਹ ਸਮਾਗਮ ਉਨ੍ਹਾਂ ਸਾਰੇ ਮੈਂਬਰਾਂ ਪ੍ਰਤੀ ਸ਼ੁਕਰਾਨਾ ਜਤਾਉਣ ਲਈ ਰੱਖਿਆ ਗਿਆ ਸੀ, ਜਿਨ੍ਹਾਂ ਨੇ ਸਾਲਾਂ ਤੋਂ ਸੰਸਥਾ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਇਆ ਹੈ।
ਸਮਾਗਮ ਦੌਰਾਨ ਉਨ੍ਹਾਂ 150 ਤੋਂ ਵੱਧ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਸੀਟੀ ਗਰੁੱਪ ਨਾਲ 3 ਤੋਂ ਲੈ ਕੇ 25 ਸਾਲਾਂ ਤੱਕ ਦਾ ਲੰਬਾ ਸਫ਼ਰ ਤੈਅ ਕੀਤਾ ਹੈ। ਇਹ ਪਲ ਪੂਰੇ ਸੀਟੀ ਪਰਿਵਾਰ ਲਈ ਬਹੁਤ ਹੀ ਮਾਣਮੱਤੇ ਅਤੇ ਭਾਵੁਕ ਸਨ। ਇਸ ਮੌਕੇ ਬ੍ਰਿਗੇਡੀਅਰ ਪਰਮਜੀਤ ਸਿੰਘ ਚੀਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕਰਮਚਾਰੀਆਂ ਦੀ ਮਿਹਨਤ ਦੀ ਸ਼ਲਾਘਾ ਕੀਤੀ।
ਪ੍ਰੋਗਰਾਮ ਨੂੰ ਮਨੋਰੰਜਕ ਬਣਾਉਣ ਲਈ ਵੱਖ-ਵੱਖ ਕੈਂਪਸਾਂ ਦੇ ਕਰਮਚਾਰੀਆਂ ਨੇ ਭੰਗੜਾ, ਨਾਟਕ ਅਤੇ ਫੈਸ਼ਨ ਸ਼ੋਅ ਵਰਗੀਆਂ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ। ਇਸ ਮੌਕੇ ਚਾਂਸਲਰ ਸਰਦਾਰ ਚਰਨਜੀਤ ਸਿੰਘ ਚੰਨੀ, ਕੋ-ਚੇਅਰਪਰਸਨ ਪਰਮਿੰਦਰ ਕੌਰ ਚੰਨੀ, ਪ੍ਰੋ ਚਾਂਸਲਰ ਡਾ. ਮਨਬੀਰ ਸਿੰਘ ਅਤੇ ਹੋਰ ਪ੍ਰਬੰਧਕੀ ਮੈਂਬਰ ਵੀ ਮੌਜੂਦ ਸਨ।
ਚਾਂਸਲਰ ਚਰਨਜੀਤ ਸਿੰਘ ਚੰਨੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੀਟੀ ਗਰੁੱਪ ਦੀ ਅਸਲੀ ਤਾਕਤ ਇੱਥੋਂ ਦੇ ਕਰਮਚਾਰੀ ਹਨ। ਉਨ੍ਹਾਂ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਰਮਚਾਰੀਆਂ ਦੀ ਲਗਨ ਸਦਕਾ ਹੀ ਸੰਸਥਾ ਅੱਜ ਇਸ ਮੁਕਾਮ ‘ਤੇ ਪਹੁੰਚੀ ਹੈ। ਪ੍ਰੋ ਚਾਂਸਲਰ ਡਾ. ਮਨਬੀਰ ਸਿੰਘ ਨੇ ਵੀ ਕਰਮਚਾਰੀਆਂ ਦੇ ਵਿਕਾਸ ਅਤੇ ਸਨਮਾਨ ਲਈ ਆਪਣੀ ਵਚਨਬੱਧਤਾ ਦਹੁਰਾਈ।
Read More : ਵਰਦੀ ਵਿਚ ਨਾਰੀ ਸ਼ਕਤੀ : ਪੰਜਾਬ ਪੁਲਿਸ ਦੀਆਂ ਮਹਿਲਾ ਅਧਿਕਾਰੀ ਬਣੀਆਂ ਅਪਰਾਧੀਆਂ ਲਈ ‘ਕਾਲ’
