ਫੌਜ ਨੇ 125 ਮੀਟ੍ਰਿਕ ਟਨ ਖੇਪ ਕੀਤੀ ਰੱਦ; ਸਿਹਤ ਮੰਤਰੀ ਵੱਲੋਂ ਜਾਂਚ ਦੇ ਹੁਕਮ ਅਤੇ ਵਿਰੋਧੀ ਧਿਰ ਵੱਲੋਂ ਤਿੱਖੇ ਸਵਾਲ
ਚੰਡੀਗੜ੍ਹ, 27 ਮਾਰਚ : ਵੇਰਕਾ ਬ੍ਰਾਂਡ ਦੇ ਦੁੱਧ ਪਾਊਡਰ ਦੀ ਗੁਣਵੱਤਾ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਮਿਲਕਫੈੱਡ ਦੇ ਐਮਡੀ ਰਾਹੁਲ ਗੁਪਤਾ ਨੇ ਸ਼ੁੱਕਰਵਾਰ ਨੂੰ ਹੁਕਮ ਜਾਰੀ ਕਰਦਿਆਂ ਲੁਧਿਆਣਾ ਮਿਲਕ ਪਲਾਂਟ ਦੇ ਜੀਐਮ ਦਲਜੀਤ ਸਿੰਘ ਸਮੇਤ ਤਿੰਨ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।
ਭਾਰਤੀ ਫੌਜ ਦੀ ਆਰਮੀ ਸਰਵਿਸ ਕੋਰ ਯੂਨਿਟ ਦੇ ਅਫਸਰ ਕਮਾਂਡਿੰਗ ਵੱਲੋਂ ਲੁਧਿਆਣਾ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਯੂਨੀਅਨ ਨੂੰ ਭੇਜੇ ਨੋਟਿਸ ਮੁਤਾਬਕ, ਵੇਰਕਾ ਵੱਲੋਂ ਸਪਲਾਈ ਕੀਤੇ ਗਏ ਲਗਭਗ 125 ਮੀਟ੍ਰਿਕ ਟਨ ਦੁੱਧ ਪਾਊਡਰ ਨੂੰ ਗੁਣਵੱਤਾ ਦੇ ਮਾਪਦੰਡਾਂ ‘ਤੇ ਖਰਾ ਨਾ ਉਤਰਨ ਕਾਰਨ ਰੱਦ ਕਰ ਦਿੱਤਾ ਗਿਆ ਹੈ।
ਇਸ ਵਿਚ ਦੋ ਬੈਚ (58,338 ਟਨ ਅਤੇ 66,654 ਟਨ) ਸ਼ਾਮਲ ਹਨ। ਫੌਜ ਨੇ ਸਾਫ਼ ਕੀਤਾ ਹੈ ਕਿ ਜੇਕਰ ਇਹ ਸੈਂਪਲ ਸੱਤ ਦਿਨਾਂ ਦੇ ਅੰਦਰ ਵਾਪਸ ਨਾ ਲਏ ਗਏ ਤਾਂ ਕਮੇਟੀ ਵੱਲੋਂ ਇਨ੍ਹਾਂ ਨੂੰ ਨਸ਼ਟ ਕਰ ਦਿੱਤਾ ਜਾਵੇਗਾ। ਇਸ ਸਬੰਧੀ ਰਿਪੋਰਟ ਕੇਂਦਰੀ ਰੱਖਿਆ ਮੰਤਰਾਲੇ ਨੂੰ ਵੀ ਭੇਜੀ ਗਈ ਹੈ।

ਵਧਦੇ ਵਿਵਾਦ ਨੂੰ ਵੇਖਦਿਆਂ ਵਿਭਾਗ ਨੇ ਇੱਕ ਤੱਥ-ਖੋਜ ਕਮੇਟੀ ਦਾ ਗਠਨ ਕੀਤਾ ਹੈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਵੇਰਕਾ ਵੱਲੋਂ ਅੰਦਰੂਨੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਲੋੜ ਪਈ ਤਾਂ ਖੁਰਾਕ ਸਪਲਾਈ ਵਿਭਾਗ ਰਾਹੀਂ ਵੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ। ਦੂਜੇ ਪਾਸੇ, ਵਿਰੋਧੀ ਧਿਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਰਕਾਰ ਪਾਸੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
Read More : ਬਰਿੰਦਰ ਗੋਇਲ ਵੱਲੋਂ ਲਹਿਰਾਗਾਗਾ ਦੇ ਸਰਕਾਰੀ ਕੰਨਿਆ ਸਕੂਲ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ
