ਹਥਿਆਰ

ਅੰਮ੍ਰਿਤਸਰ ਤੋਂ 10 ਵਿਦੇਸ਼ੀ ਪਿਸਤੌਲਾਂ ਸਣੇ 2 ਗ੍ਰਿਫ਼ਤਾਰ

ਡੀਜੀਪੀ ਗੌਰਵ ਯਾਦਵ ਵੱਲੋਂ ਖੁਲਾਸਾ;ਪਾਕਿਸਤਾਨੀ ਤਸਕਰਾਂ ਅਤੇ ਵਿਦੇਸ਼ੀ ਗੈਂਗਸਟਰਾਂ ਦੇ ਇਸ਼ਾਰੇ ‘ਤੇ ਹੋ ਰਹੀ ਸੀ ਸਪਲਾਈ

ਅੰਮ੍ਰਿਤਸਰ, 28 ਮਾਰਚ : ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਨੇ ਸਰਹੱਦ ਪਾਰੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ 2 ਮੁਲਜ਼ਮਾਂ ਨੂੰ 10 ਵਿਦੇਸ਼ੀ ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਰੇਸ਼ਮ ਸਿੰਘ (ਵਾਸੀ ਖੁਸ਼ੂਪੁਰਾ, ਅੰਮ੍ਰਿਤਸਰ) ਅਤੇ ਮਨਪ੍ਰੀਤ ਸਿੰਘ (ਵਾਸੀ ਖਵਾਸਪੁਰ, ਤਰਨਤਾਰਨ) ਵਜੋਂ ਹੋਈ ਹੈ।

ਪੁਲਿਸ ਨੇ ਮੁਲਜ਼ਮਾਂ ਕੋਲੋਂ ਤੁਰਕੀ ਦਾ ਬਣਿਆ 1 ਜ਼ਿਗਾਨਾ ਪਿਸਤੌਲ, ਆਸਟਰੀਆ ਦਾ 1 ਗਲੌਕ ਪਿਸਤੌਲ, ਅਮਰੀਕਾ ਦੇ 2 ਬ੍ਰੇਟਾ ਪਿਸਤੌਲ, 5 ਪੀਐਕਸ 5 ਪਿਸਤੌਲ ਅਤੇ ਚੀਨ ਦਾ ਬਣਿਆ 1 ਨੋਰਿੰਕੋ ਪਿਸਤੌਲ ਸਮੇਤ ਮੈਗਜ਼ੀਨਾਂ ਬਰਾਮਦ ਕੀਤੀਆਂ ਹਨ। ਖੇਪ ਦੀ ਡਿਲੀਵਰੀ ਲਈ ਵਰਤਿਆ ਜਾਂਦਾ ਕਾਲੇ ਰੰਗ ਦਾ ਪਲੈਟੀਨਾ ਮੋਟਰਸਾਈਕਲ (PB 63 D 3668) ਵੀ ਜ਼ਬਤ ਕਰ ਲਿਆ ਗਿਆ ਹੈ।

ਡੀਜੀਪੀ ਮੁਤਾਬਕ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਪਾਕਿਸਤਾਨ ਸਥਿਤ ਤਸਕਰਾਂ ਦੇ ਤਾਲਮੇਲ ਨਾਲ ਵਿਦੇਸ਼ੀ ਗੈਂਗਸਟਰ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਸਨ। ਇਹ ਹਥਿਆਰ ਡਰੋਨ ਰਾਹੀਂ ਭਾਰਤ ਪਹੁੰਚਾਏ ਗਏ ਸਨ ਅਤੇ ਸੂਬੇ ਦੇ ਅਪਰਾਧਿਕ ਤੱਤਾਂ ਨੂੰ ਸਪਲਾਈ ਕੀਤੇ ਜਾਣੇ ਸਨ। ਸੀਆਈ ਅੰਮ੍ਰਿਤਸਰ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਚੋਗਾਵਾਂ ਸੜਕ ‘ਤੇ ਪਿੰਡ ਕੋਹਾਲੀ ਨੇੜੇ ਨਾਕਾ ਲਗਾ ਕੇ ਇਹ ਗ੍ਰਿਫ਼ਤਾਰੀ ਕੀਤੀ।

ਇਸ ਸਬੰਧੀ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਵਿਖੇ ਐਫਆਈਆਰ ਨੰਬਰ 20 (ਮਿਤੀ 27-03-2026) ਅਸਲਾ ਐਕਟ ਅਤੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤੀ ਗਈ ਹੈ। ਪੁਲਿਸ ਹੁਣ ਇਸ ਪੂਰੇ ਤਸਕਰੀ ਨੈੱਟਵਰਕ ਦੇ ਅਗਲੇ-ਪਿਛਲੇ ਸਬੰਧਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

Read More : ਵੇਰਕਾ ਦੁੱਧ ਪਾਊਡਰ ਦੇ ਸੈਂਪਲ ਫੇਲ੍ਹ ਹੋਣ ‘ਤੇ ਵੱਡੀ ਕਾਰਵਾਈ; ਜੀਐਮ ਸਮੇਤ 3 ਅਧਿਕਾਰੀ ਮੁਅੱਤਲ

Leave a Reply

Your email address will not be published. Required fields are marked *