Barinder-Goyal

ਮਾਨ ਸਰਕਾਰ ਨੇ ਸਿੰਚਾਈ ਪ੍ਰਣਾਲੀ ਦੀ ਮਜ਼ਬੂਤੀ ਲਈ ਖ਼ਰਚੇ 6700 ਕਰੋੜ ਰੁਪਏ : ਬਰਿੰਦਰ ਗੋਇਲ

ਕਾਠਗੜ੍ਹ ਲਿਫਟ ਸਿੰਚਾਈ ਯੋਜਨਾ ਦਾ ਉਦਘਾਟਨ; 33 ਪਿੰਡਾਂ ਦੀ 11,500 ਏਕੜ ਜ਼ਮੀਨ ਨੂੰ ਮਿਲੇਗਾ ਨਹਿਰੀ ਪਾਣੀ

ਐਸ.ਬੀ.ਐਸ. ਨਗਰ, 19 ਮਾਰਚ : ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ 214 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ‘ਕਾਠਗੜ੍ਹ ਲਿਫਟ ਸਿੰਚਾਈ ਯੋਜਨਾ’ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਸਿੰਚਾਈ ਢਾਂਚੇ ਨੂੰ ਮਜ਼ਬੂਤ ਕਰਨ ਲਈ ਹੁਣ ਤੱਕ 6700 ਕਰੋੜ ਰੁਪਏ ਖ਼ਰਚ ਕੀਤੇ ਹਨ, ਜਿਸ ਸਦਕਾ ਨਹਿਰੀ ਪਾਣੀ ਦੀ ਵਰਤੋਂ 22 ਫ਼ੀਸਦੀ ਤੋਂ ਵਧ ਕੇ 78 ਫ਼ੀਸਦੀ ਹੋ ਗਈ ਹੈ।

ਮੰਤਰੀ ਗੋਇਲ ਨੇ ਦੱਸਿਆ ਕਿ ਕਾਠਗੜ੍ਹ ਸਕੀਮ ਰਾਹੀਂ ਪਹਿਲੀ ਵਾਰ ਕੰਢੀ ਇਲਾਕੇ ਦੇ ਉੱਚੇ ਅਤੇ ਨੀਮ-ਪਹਾੜੀ ਖੇਤਰਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਗਿਆ ਹੈ। ਇਸ ਪ੍ਰਾਜੈਕਟ ਨਾਲ 33 ਪਿੰਡਾਂ ਦੀ 11,500 ਏਕੜ ਜ਼ਮੀਨ ਸਿੰਜਾਈ ਅਧੀਨ ਆਵੇਗੀ। ਇਹ ਪ੍ਰਾਜੈਕਟ ਤਿੰਨ ਪੜਾਵਾਂ ਵਿੱਚ ਮੁਕੰਮਲ ਹੋ ਰਿਹਾ ਹੈ: ਪਹਿਲਾ ਪੜਾਅ (67 ਕਰੋੜ) ਫਰਵਰੀ 2026 ਵਿੱਚ ਪੂਰਾ ਹੋ ਚੁੱਕਾ ਹੈ, ਦੂਜਾ ਪੜਾਅ (107 ਕਰੋੜ) ਸਤੰਬਰ 2026 ਤੱਕ ਅਤੇ ਤੀਜਾ ਪੜਾਅ (40 ਕਰੋੜ) ਜਲਦ ਮੁਕੰਮਲ ਹੋਵੇਗਾ। ਬਿਜਲੀ ਦੇ ਖਰਚੇ ਘਟਾਉਣ ਲਈ ਇੱਥੇ 650 ਕਿਲੋਵਾਟ ਦਾ ਸੋਲਰ ਪਲਾਂਟ ਵੀ ਲਗਾਇਆ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਯੋਜਨਾ ਨੂੰ ਬਿਸਤ ਦੁਆਬ ਨਹਿਰ ਨਾਲ ਜੋੜਿਆ ਗਿਆ ਹੈ ਅਤੇ ਉੱਨਤ ਸੈਟੇਲਾਈਟ ਤੇ ਡਰੋਨ ਸਰਵੇਖਣ ਰਾਹੀਂ ਪਾਈਪਲਾਈਨਾਂ ਦਾ ਨੈੱਟਵਰਕ ਵਿਛਾਇਆ ਗਿਆ ਹੈ। ਇਸ ਪ੍ਰਾਜੈਕਟ ਲਈ ਆਈ.ਆਈ.ਟੀ. ਰੁੜਕੀ ਅਤੇ ਆਈ.ਆਈ.ਟੀ. ਰੋਪੜ ਵਿਖੇ ਸਟਾਫ਼ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਸੀ। ਇਸ ਉਪਰਾਲੇ ਨਾਲ ਬਲਾਚੌਰ ਹਲਕੇ ਵਿੱਚ ਸਿੰਚਾਈ ਦਾ ਦਾਇਰਾ 72 ਪਿੰਡਾਂ ਤੋਂ ਵਧ ਕੇ 105 ਪਿੰਡਾਂ (39,705 ਏਕੜ) ਤੱਕ ਪਹੁੰਚ ਜਾਵੇਗਾ।

ਕੰਢੀ ਨਹਿਰ ਬਾਰੇ ਗੱਲ ਕਰਦਿਆਂ ਮੰਤਰੀ ਨੇ ਕਿਹਾ ਕਿ 1980 ਤੋਂ ਲਟਕ ਰਹੀ ਇਸ ਸਮੱਸਿਆ ਨੂੰ ਹੱਲ ਕਰਦਿਆਂ ‘ਆਪ’ ਸਰਕਾਰ ਨੇ ਟੇਲ-ਐਂਡਾਂ ਤੱਕ ਪਾਣੀ ਪਹੁੰਚਾਇਆ ਹੈ। ਪੁਰਾਣੀਆਂ ਪਾਈਪਲਾਈਨਾਂ ਦੀ ਬਹਾਲੀ ਅਤੇ ਨਵੀਆਂ ਨਹਿਰਾਂ ਦੀ ਰੀਲਾਈਨਿੰਗ ਨਾਲ ਤਿੰਨ ਦਹਾਕਿਆਂ ਬਾਅਦ 12 ਬਲਾਕਾਂ ਦੀ 1,28,740 ਏਕੜ ਜ਼ਮੀਨ ਨੂੰ ਲਾਭ ਮਿਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਪ੍ਰਾਜੈਕਟ ਖੇਤੀ ਉਤਪਾਦਕਤਾ ਵਧਾ ਕੇ ਕਿਸਾਨਾਂ ਦੀ ਆਰਥਿਕ ਹਾਲਤ ਵਿੱਚ ਵੱਡੀ ਤਬਦੀਲੀ ਲਿਆਵੇਗਾ।

Read More : ਨਸ਼ਿਆਂ ਵਿਰੁੱਧ ਪੁਲਿਸ ਦੀ ਵੱਡੀ ਕਾਰਵਾਈ: 426 ਹੌਟਸਪੌਟਸ ’ਤੇ ਛਾਪੇਮਾਰੀ, 248 ਕਾਬੂ

Leave a Reply

Your email address will not be published. Required fields are marked *